• April 1, 2024

ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ 

ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ 
ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ 
 
ਨਿਰਵਿਘਨ ਖਰੀਦ ਲਈ ਢੁਕਵੇਂ ਪ੍ਰਬੰਧ ਮੁਕੰਮਲ 
 
ਚੰਡੀਗੜ੍ਹ, ਅਪ੍ਰੈਲ 1:
ਰਬੀ ਸੀਜ਼ਨ 2024-25 ਦੌਰਾਨ ਕਣਕ ਦੀ ਖਰੀਦ ਦਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਜੋ ਕਿ 31.05.2024 ਨੂੰ ਮੁਕੰਮਲ ਹੋਵੇਗਾ।
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਰਾਜ ਵਿੱਚ 1908 ਰੈਗੂਲਰ ਖਰੀਦ ਕੇਂਦਰਾਂ ਨੂੰ ਮੰਡੀ ਯਾਰਡ ਐਲਾਨ ਕੇ ਸਮੂਹ ਖਰੀਦ ਏਜੰਸੀਆਂ ਵਿਚਕਾਰ ਖਰੀਦ ਕੇਂਦਰਾਂ ਦੀ ਅਲਾਟਮੈਂਟ ਕੀਤੀ ਗਈ ਹੈ। ਮੰਡੀਆਂ ਵਿੱਚ ਖਰੀਦ ਦੇ ਕੰਮ ਨੂੰ ਨਿਰਵਿਘਨ ਨੇਪਰ੍ਹੇ ਚਾੜਨ ਲਈ ਆਰਜ਼ੀ ਖਰੀਦ ਕੇਂਦਰ ਵੀ ਖੋਲ੍ਹੇ ਜਾ ਰਹੇ ਹਨ।
ਰਾਜ ਦੀਆਂ ਖਰੀਦ ਏਜੰਸੀਆਂ ਨੂੰ 115.50 ਲੱਖ ਮੀਟਰਕ ਟਨ ਦੇ ਬਣਦੇ ਹਿੱਸੇ ਦੀ ਕਣਕ ਦੀ ਖਰੀਦ ਕਰਨ ਲਈ 30,770.36 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਲੋੜੀਂਦੀ ਸੀ, ਜਿਸ ਦੇ ਸਬੰਧ ਵਿੱਚ ਅਪ੍ਰੈਲ ਮਹੀਨੇ ਵਿੱਚ ਕਣਕ ਦੀ ਖਰੀਦ ਲਈ 27077.91 ਕਰੋੜ ਰੁਪਏ ਦੀ ਸੀ.ਸੀ.ਐੱਲ ਪ੍ਰਾਪਤ ਹੋ ਚੁੱਕੀ ਹੈ ਅਤੇ ਬਾਕੀ ਦੀ ਸੀ.ਸੀ.ਐੱਲ. ਮਈ 2024 ਦੌਰਾਨ ਪ੍ਰਾਪਤ ਹੋ ਜਾਵੇਗੀ।
ਕਣਕ ਦੀ ਭਰਾਈ ਲਈ ਰਾਜ ਦੀਆਂ ਖਰੀਦ ਏਜੰਸੀਆਂ ਨੂੰ 4.62 ਲੱਖ ਜੂਟ ਗੱਠਾਂ ਲੋੜੀਂਦੀਆਂ ਹਨ, ਜਿਸ ਵਿੱਚੋਂ ਰਾਜ ਦੀਆਂ ਖਰੀਦ ਏਜੰਸੀਆਂ ਪਾਸ 31 ਮਾਰਚ, 2024 ਤੱਕ 3.51 ਲੱਖ ਜੂਟ ਗੱਠਾਂ ਉਪਲਬਧ ਹਨ ਅਤੇ ਬਾਕੀ ਦੀਆਂ ਗੱਠਾਂ ਸੀਜ਼ਨ ਦੌਰਾਨ ਪ੍ਰਾਪਤ ਹੋ ਜਾਣਗੀਆਂ।
ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ਉੱਤੇ ਮੁੜ ਪੰਜਾਬ ਰਾਜ ਵਿੱਚ ਐਮ.ਐੱਸ.ਪੀ ਤੇ ਵੇਚਣ ਲਈ ਲਿਆਂਦੀ ਜਾਣ ਵਾਲੀ ਪੀ.ਡੀ.ਐੱਸ./ ਨੁਕਸਾਨੀ ਕਣਕ ਨੂੰ ਰੋਕਣ ਲਈ ਡਾਇਰੈਕਟਰ ਜਨਰਲ ਪੁਲਿਸ ਅਤੇ ਪੰਜਾਬ ਮੰਡੀ ਬੋਰਡ ਅਤੇ ਹੋਰ ਸਬੰਧਤਾਂ ਨੂੰ ਪੰਜਾਬ ਰਾਜ ਦੇ ਅੰਤਰਰਾਜੀ ਬੈਰੀਅਰਾਂ ਉੱਤੇ ਨਾਕੇ ਲਗਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਤਾਂ ਜੋ ਕਣਕ ਦੀ ਬੋਗਸ ਖਰੀਦ ਨੂੰ ਰੋਕਿਆ ਜਾ ਸਕੇ। ਰਾਜ ਦੇ ਨਾਲ ਲੱਗਦੇ 21 ਅੰਤਰਰਾਜ਼ੀ ਬੈਰੀਅਰਾਂ ਉੱਤੇ ਨਾਕੇ ਸਥਾਪਿਤ ਕਰ ਦਿੱਤੇ ਗਏ ਹਨ।
ਸਬੰਧਤ ਜ਼ਿਲਿਆਂ ਵਿੱਚ ਲੋੜ ਅਨੁਸਾਰ ਲੋੜੀਂਦੇ ਕਵਰ ਸਮੇਂ ਸਿਰ ਸਪਲਾਈ ਕਰ ਦਿੱਤੇ ਜਾਣਗੇ ਤਾਂ ਜੋ ਕਣਕ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ।

Leave a Reply

Your email address will not be published. Required fields are marked *