- April 2, 2024
ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਰਤਮਾਨ ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇਸ਼ ’ਤੇ ਭਾਸ਼ਣ ਕਰਵਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਰਤਮਾਨ ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇਸ਼ ’ਤੇ ਭਾਸ਼ਣ ਕਰਵਾਇਆ ਗਿਆ
ਅੰਮ੍ਰਿਤਸਰ, 2 ਅਪ੍ਰੈਲ ( )-ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਭਾਸ਼ਾ: ਵਰਤਮਾਨ ਦ੍ਰਿਸ਼ ਅਤੇ ਦ੍ਰਿਸ਼ਟੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਲੈਕਚਰ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਡਾ. ਮਨਜਿੰਦਰ ਸਿੰਘ ਦਾ ਪੌਦਾ ਭੇਂਟ ਕਰ ਕੇ ਸਵਾਗਤ ਕੀਤਾ। ਇਸ ਮੌਕੇ ਡਾ. ਮਨਜਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਇਤਿਹਾਸ, ਭਾਸ਼ਾਈ ਅਤੇ ਸਾਹਿਤਕ ਗੌਰਵ ਤੋਂ ਜਾਣੂੰ ਕਰਵਾਉਦੇਂ ਹੋਏ ਵਰਤਮਾਨ ’ਚ ਦਰਪੇਸ਼ ਚੁਣੌਤੀਆਂ ’ਤੇ ਚਰਚਾ ਕੀਤੀ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਗਿਆਨ ਦੀ ਭਾਸ਼ਾ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਚਰਚਾ ਕਰਦੇ ਹੋਏ ਇਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆਂ ਸਬੰਧੀ ਚਰਚਾ ਕੀਤੀ।
ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਲੈਕਚਰ ਦਾ ਆਯੋਜਨ ਕਰਨ ’ਤੇ ਵਿਭਾਗ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਅਤੇ ਇਸ ’ਤੇ ਗੌਰਵ ਕਰਨ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਮੌਕੇ ਵਿਭਾਗ ਮੁਖੀ ਪ੍ਰੋ. ਰਵਿੰਦਰ ਕੌਰ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਇਸ ਦੌਰਾਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਕੁਲਵੰਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।