- November 1, 2023
ਪੰਜਾਬ ਰਾਜ ਭਵਨ ਨੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਮਨਾਇਆ ਸਥਾਪਨਾ ਦਿਵਸ
ਪੰਜਾਬ ਰਾਜ ਭਵਨ ਨੇ 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਮਨਾਇਆ ਸਥਾਪਨਾ ਦਿਵਸ
ਚੰਡੀਗੜ੍ਹ, 1 ਨਵੰਬਰ: ਦੇਸ਼ ਵਿੱਚ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਦਰਮਿਆਨ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਨੂੰ ਹੁਲਾਰਾ ਦਿੰਦਿਆਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਗੁਰੂ ਨਾਨਕ ਆਡੀਟੋਰੀਅਮ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਦਿੱਲੀ, ਲਕਸ਼ਦੀਪ ਅਤੇ ਪੁਡੂਚੇਰੀ ਦਾ ਸਥਾਪਨਾ ਦਿਵਸ ਸਮਾਰੋਹ ਮਨਾਇਆ ਗਿਆ।
ਇਹ ਸਮਾਗਮ ਪੰਜਾਬ ਰਾਜ ਭਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।
ਇਹ ਸਮਾਰੋਹ ਭਾਰਤ ਸਰਕਾਰ ਦੇ ”ਇੱਕ ਭਾਰਤ, ਸ੍ਰੇਸ਼ਠ ਭਾਰਤ” ਯੋਜਨਾ ਦੇ ਅੰਤਰਗਤ ਮਨਾਇਆ ਗਿਆ ਜਿਸਦਾ ਉਦੇਸ਼ ਸਮੁੱਚੇ ਦੇਸ਼ ਦੇ ਲੋਕਾਂ ਨੂੰ ਇੱਕਜੁੱਟ ਕਰਨਾ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਖਾਣ-ਪਾਣ, ਰਹਿਣ-ਸਹਿਣ, ਪਹਿਰਾਵੇ ਆਦਿ ਵਿੰਭਿਨਤਾਵਾਂ ਦੇ ਬਾਵਜੂਦ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਡਾ ਦੇਸ਼ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡੀ ਏਕਤਾ ਮਜ਼ਬੂਤ ਹੋਵੇਗੀ ਤਾਂ ਵਿਸ਼ਵ ਵਿਚ ਸਾਡੀ ਸ਼ਾਨ ਹੋਰ ਵਧੇਗੀ।
ਉਨ੍ਹਾਂ ਅੱਗੇ ਕਿਹਾ ਕਿ ਸਥਾਪਨਾ ਦਿਵਸ ਸਮਾਗਮਾਂ ਰਾਹੀਂ, ਇੱਕ ਸੂਬੇ ਦੇ ਲੋਕ ਦੂਜੇ ਸੂਬੇ ਦੀ ਸੰਸਕ੍ਰਿਤੀ ਅਤੇ ਸੱਭਿਆਚਾਰਾਂ ਦਾ ਗਿਆਨ ਪ੍ਰਾਪਤ ਕਰਦੇ ਹਨ। ਇਹ ਸਾਨੂੰ ਹਰੇਕ ਰਾਜ ਦੇ ਇਤਿਹਾਸ, ਪਰੰਪਰਾਵਾਂ ਅਤੇ ਯੋਗਦਾਨਾਂ ਬਾਰੇ ਜਾਣਨ ਅਤੇ ਉਨ੍ਹਾਂ ਦੀ ਕਦਰ ਕਰਨ ਦਾ ਮੌਕਾ ਦਿੰਦਾ ਹੈ ਜੋ ਲੋਕਾਂ ਦੀ ਆਪਸੀ ਸਮਝ ਨੂੰ ਹੁਲਾਰਾ ਦਿੰਦਾ ਹੈ ਅਤੇ ਇਸ ਨਾਲ ਭਾਰਤ ਦੀ ਏਕਤਾ ਹੋਰ ਮਜ਼ਬੂਤ ਹੁੰਦੀ ਹੈ।
ਇਸ ਮੌਕੇ ਰਾਜਪਾਲ ਨੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਅਤੇ ਸੂਬੇ ਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ।
ਇਸ ਦੌਰਾਨ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ.) ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਪੰਜਾਬ ਦੀ ਢਾਡੀ ਗਾਇਕੀ, ਝੂਮਰ ਨਾਚ ਅਤੇ ਭੰਗੜਾ, ਹਰਿਆਣਾ ਦਾ ਲੋਕ ਸੰਗੀਤਕ ਸਾਜ਼ ਅਤੇ ਘੁਮਰ ਨਾਚ, ਛੱਤੀਸਗੜ੍ਹ ਦਾ ਪੰਥੀ ਨਾਚ, ਕੇਰਲਾ ਡਾਂਸ ਪ੍ਰਦਰਸ਼ਨ ਆਦਿ ਵੱਖ-ਵੱਖ ਰਾਜਾਂ ਦੇ ਅਮੀਰ ਸੱਭਿਆਚਾਰਾਂ ਦੀਆਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤਿਆਂ ਗਇਆਂ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ੍ਰੀ ਅਨੂਪ ਗੁਪਤਾ, ਮੇਅਰ ਯੂਟੀ ਚੰਡੀਗੜ੍ਹ, ਸ੍ਰੀ ਸਤਿਆਪਾਲ ਜੈਨ, ਭਾਰਤ ਦੇ ਵਧੀਕ ਸਾਲਿਸਟਰ ਜਨਰਲ, ਸ੍ਰੀ ਕੇ ਸ਼ਿਵ ਪ੍ਰਸਾਦ ਆਈ.ਏ.ਐਸ, ਰਾਜਪਾਲ, ਪੰਜਾਬ ਦੇ ਵਧੀਕ ਮੁੱਖ ਸਕੱਤਰ, ਸ੍ਰੀ ਗੌਰਵ ਯਾਦਵ, ਡੀਜੀਪੀ, ਪੰਜਾਬ, ਸ੍ਰੀ ਪ੍ਰਵੀਰ ਰੰਜਨ, ਡੀ.ਜੀ.ਪੀ., ਯੂ.ਟੀ., ਚੰਡੀਗੜ੍ਹ, ਸ਼੍ਰੀ ਅਰੁਣ ਕੁਮਾਰ ਆਈ.ਏ.ਐਸ. (ਸੇਵਾਮੁਕਤ) ਚੀਫ਼ ਕਮਿਸ਼ਨਰ, ਰਾਈਟ ਟੂ ਸਰਵਿਸਿਜ਼ ਕਮਿਸ਼ਨ ਚੰਡੀਗੜ੍ਹ, ਸ਼੍ਰੀ ਸੁਨੀਲ ਜਾਖੜ, ਪ੍ਰਧਾਨ, ਭਾਜਪਾ, ਪੰਜਾਬ, ਸ਼੍ਰੀ ਸੰਜੇ ਟੰਡਨ, ਸ਼੍ਰੀ ਅਰੁਣ ਸੂਦ ਸਮੇਤ ਪੰਜਾਬ ਅਤੇ ਯੂਟੀ ਚੰਡੀਗੜ੍ਹ ਦੇ ਸੀਨੀਅਰ ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀ ਤੇ ਹੋਰ ਪ੍ਰਮੁੱਖ ਨਾਗਰਿਕ ਹਾਜ਼ਰ ਸਨ। ਸਮਾਜ ਦੇ ਵੱਖ-ਵੱਖ ਵਰਗਾਂ ਦੇ 300 ਤੋਂ ਵੱਧ ਲੋਕਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ।