- January 1, 2024
“ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”: ਪੰਜਾਬ ਪੁਲਿਸ ਵੱਲੋਂ ਦੁਰਘਟਨਾ ਵਾਲੇ ਬਲੈਕ ਸਪਾਟਸ ਦੀ ਸਫ਼ਲਤਾਪੂਰਵਕ ਮੈਪ ਕਰਨ ਸਦਕਾ ਯਾਤਰੀਆਂ ਨੂੰ ਸੁਚੇਤ ਕਰੇਗੀ ਮੈਪਲਜ਼ ਐਪ
“ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”: ਪੰਜਾਬ ਪੁਲਿਸ ਵੱਲੋਂ ਦੁਰਘਟਨਾ ਵਾਲੇ ਬਲੈਕ ਸਪਾਟਸ ਦੀ ਸਫ਼ਲਤਾਪੂਰਵਕ ਮੈਪ ਕਰਨ ਸਦਕਾ ਯਾਤਰੀਆਂ ਨੂੰ ਸੁਚੇਤ ਕਰੇਗੀ ਮੈਪਲਜ਼ ਐਪ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
ਪੰਜਾਬ ਨੇਵੀਗੇਸ਼ਨ ਪਲੇਟਫਾਰਮ ‘ਤੇ ਸਾਰੀਆਂ ਦੁਰਘਟਨਾਵਾਂ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ: ਡੀਜੀਪੀ ਪੰਜਾਬ ਗੌਰਵ ਯਾਦਵ
ਪੰਜਾਬੀ ਵਿੱਚ ਵੌਇਸ ਅਲਰਟ ਚੌਕਸ ਡਰਾਈਵਿੰਗ ਕਮਿਊਨਿਟੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ: ਏ.ਡੀ.ਜੀ.ਪੀ. ਟ੍ਰੈਫਿਕ ਏ.ਐਸ. ਰਾਏ
ਚੰਡੀਗੜ੍ਹ, 1 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਮੁੱਖ ਪ੍ਰੋਜੈਕਟ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇੱਕ ਹੋਰ ਪਹਿਲਕਦਮੀ ਕਰਦਿਆਂ ਪੰਜਾਬ ਪੁਲਿਸ ਨੇ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਦੇ 784 ਦੁਰਘਟਨਾਵਾਂ ਵਾਲੇ ਬਲੈਕ ਸਪਾਟਾਂ ਨੂੰ ਨੇਵੀਗੇਸ਼ਨ ਸਿਸਟਮ ਮੈਪਲਸ ਐਪ ਰਾਹੀਂ ਮੈਪ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਪਲਸ ਐਪ ਦੀ ਵਰਤੋਂ ਕਰਨ ਵਾਲੇ ਨਾਗਰਿਕ ਹੁਣ ਪੰਜਾਬੀ ਵਿੱਚ ਵੌਇਸ ਅਲਰਟ ਪ੍ਰਾਪਤ ਕਰਨਗੇ ਜੋ ਯਾਤਰੀਆਂ ਨੂੰ ਅੱਗੇ ਆਉਣ ਵਾਲੇ ਬਲੈਕ ਸਪਾਟ ਬਾਰੇ ਸੁਚੇਤ ਕਰਨਗੇ, ਜਿਸ ਨਾਲ ਪੰਜਾਬ ਸੜਕ ਸੁਰੱਖਿਆ ਦੇ ਹਿੱਸੇ ਵਜੋਂ ਦੁਰਘਟਨਾਗ੍ਰਸਤ ਸਥਾਨਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।
ਮੈਪਮਾਈਇੰਡੀਆ ਦੀ ਮੈਪਲਸ ਐਪ, ਜਿਸ ਨੂੰ ਵਿਸ਼ੇਸ਼ ਤੌਰ ‘ਤੇ ਭਾਰਤ ਲਈ 100 ਫ਼ੀਸਦ ਸਵਦੇਸ਼ੀ ਐਪ ਵਜੋਂ ਤਿਆਰ ਕੀਤਾ ਗਿਆ ਹੈ, ਵੌਇਸ ਸੰਦੇਸ਼ “ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ” ਦੇ ਕੇ ਯਾਤਰੀਆਂ ਨੂੰ ਸੁਚੇਤ ਕਰੇਗੀ, ਜਿਸ ਨਾਲ ਪੰਜਾਬ ਦੁਰਘਟਨਾਵਾਂ ਬਾਰੇ ਜਾਣਕਾਰੀ ਦੇਣ ਵਾਲਾ ਇੱਕਮਾਤਰ ਸੂਬਾ ਬਣਿਆ ਹੈ। ਐਕਸੀਡੈਂਟ ਬਲੈਕ ਸਪਾਟ ਇੱਕ ਅਜਿਹੀ ਥਾਂ ਹੈ ਜਿੱਥੇ ਇਤਿਹਾਸ ਵਿੱਚ ਆਮ ਤੌਰ ‘ਤੇ ਸੜਕੀ ਆਵਾਜਾਈ ਹਾਦਸੇ ਵਾਪਰਦੇ ਰਹਿੰਦੇ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਡਰਾਈਵਿੰਗ ਸਹਾਇਤਾ ਪੰਜਾਬ ਦੀਆਂ ਸੜਕਾਂ ‘ਤੇ ਸਮੁੱਚੇ ਸੁਰੱਖਿਅਤ ਡਰਾਈਵਿੰਗ ਅਨੁਭਵ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬੀ ਵਿੱਚ ਵੌਇਸ ਅਲਰਟ ਨੂੰ ਸਰਗਰਮੀ ਨਾਲ ਲਾਗੂ ਕਰਨਾ ਇੱਕ ਵਧੇਰੇ ਚੌਕਸ ਡਰਾਈਵਿੰਗ ਕਮਿਊਨਿਟੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਉਹਨਾਂ ਕਿਹਾ ਕਿ ਦੁਰਘਟਨਾ ਦੇ ਬਲੈਕ ਸਪਾਟਸ ਦੀ ਅਜਿਹੀ ਵਿਆਪਕ ਮੈਪਿੰਗ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ਲਈ ਪੰਜਾਬ ਮਾਣ ਮਹਿਸੂਸ ਕਰਦਾ ਹੈ। ਇਸ ਤੋਂ ਇਲਾਵਾ, ਇਸ ਨਵੀਨਤਾਕਾਰੀ ਸੁਰੱਖਿਆ ਨੂੰ ਉਪਭੋਗਤਾਵਾਂ ਦੀਆਂ ਲੋੜਾਂ ਅਨੁਸਾਰ ਬਣਾਇਆ ਗਿਆ ਹੈ, ਜੋ ਖੇਤਰੀ ਭਾਸ਼ਾਵਾਂ ਵਿੱਚ ਵੌਇਸ ਅਲਰਟ ਦੀ ਪੇਸ਼ਕਸ਼ ਕਰਦੀ ਹੈ।
ਪੰਜਾਬ ਦੇ ਟ੍ਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਨੇ ਕਿਹਾ ਕਿ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਬਿਨਾਂ ਕਿਸੇ ਲਾਗਤ ਦੇ ਨਾਗਰਿਕਾਂ, ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਸਾਡੇ ਯਤਨਾਂ ਵਿੱਚੋਂ ਇੱਕ ਵਿਸ਼ੇਸ਼ ਕਦਮ ਹੈ।