• February 19, 2024

ਲਖਵਿੰਦਰ ਜੌਹਲ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲਃ

ਲਖਵਿੰਦਰ ਜੌਹਲ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲਃ

ਲਖਵਿੰਦਰ ਜੌਹਲ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ

ਕਾਰਜਕਾਰਨੀ ਕਮੇਟੀ  ਲਈ ਪੰਦਰਾਂ ਮੈਂਬਰੀ ਪੈਨਲ ਵੀ ਜਾਰੀ

ਲੁਧਿਆਣਾਃ19 ਫਰਵਰੀ

3 ਮਾਰਚ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਾਸਤੇ ਅੱਜ ਡਾ. ਲਖਵਿੰਦਰ ਸਿੰਘ ਜੌਹਲ, ਡਾਃ ਸ਼ਿੰਦਰਪਾਲ ਸਿੰਘ ਤੇ ਡਾ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਧਾਨ, ਡਾਃ ਸ਼ਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾਃ ਗੁਰਇਕਬਾਲ ਸਿੰਘ ਨੇ ਕਾਗ਼ਜ਼ ਦਾਖ਼ਲ ਕੀਤੇ ਹਨ।

ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਮੀਤ ਪ੍ਰਧਾਨ ਲਈ ਭਗਵੰਤ ਸਿੰਘ (ਡਾ.), ਗੁਰਚਰਨ ਕੌਰ ਕੋਚਰ(ਡਾ.) ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਇਕਬਾਲ ਸਿੰਘ ਗੋਂਦਾਰਾ (ਡਾ.) (ਪੰਜਾਬੋਂ ਬਾਹਰ) ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਗੁਰਵਿੰਦਰ ਸਿੰਘ ਅਮਨ ਰਾਜਪੁਰਾ,ਦੀਪ ਜਗਦੀਪ ਸਿੰਘ ਲੁਧਿਆਣਾ,ਕੇ ਸਾਧੂ ਸਿੰਘ ਮੁੱਲਾਂਪੁਰ,ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ,ਬਲਜੀਤ ਪਰਮਾਰ (ਮੁੰਬਈ), ਹਰਦੀਪ ਢਿੱਲੋਂ ਅਬੋਹਰ,ਡਾ.ਸਰਘੀ ਅੰਮ੍ਰਿਤਸਰ,ਪਰਮਜੀਤ ਕੌਰ ਮਹਿਕ ਲੁਧਿਆਣਾ,ਜਗਦੀਸ਼ ਰਾਏ ਕੁੱਲਰੀਆਂ ਮਾਨਸਾ,ਹਰਵਿੰਦਰ ਸਿੰਘ ਗੁਲਾਬਾਸੀ ਚੰਡੀਗੜ੍ਹ,ਡਾ. ਨਾਇਬ ਸਿੰਘ ਮੰਡੇਰ ਰਤੀਆ ਹਰਿਆਣਾ (ਪੰਜਾਬੋਂ ਬਾਹਰ), ਰੋਜ਼ੀ ਸਿੰਘ ਫ਼ਤਹਿਗੜ੍ਹ ਚੂੜੀਆਂ,ਕਰਮਜੀਤ ਸਿੰਘ ਕੁੱਟੀ ਐਡਵੋਕੇਟ ਬਠਿੰਡਾ,ਡਾ.ਨਰੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਇਸ ਮੌਕੇ  ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਸਮੁੱਚੇ  ਮੈਂਬਰ ਸਾਹਿਬਾਨ ਨੇ ਪ੍ਰਣ ਕੀਤਾ ਕਿ  ਪੰਜਾਬੀ ਸਾਹਿਤ ਅਕਾਦਮੀ ਦੀ ਅਮੀਰ ਸਾਹਿਤਕ ਤੇ ਅਕਾਦਮਿਕ ਵਿਰਾਸਤ ਨੂੰ ਕਾਇਮ ਰੱਖਣ ਤੇ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਲੜੀ ਜਾਵੇਗੀ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋ ਸਾਲਾਂ ਵਿਚ ਅਕਾਡਮੀ ਨੇ ਇਸ ਮਹਾਨ ਸੰਸਥਾ ਦੇ ਮੋਢੀਆਂ ਤੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲਦਿਆਂ ਬਹੁਤ ਸਾਰੇ ਉਹ ਕਾਰਜ ਕੀਤੇ ਹਨ ਜੋ ਚਿਰਾਂ ਤੋਂ ਰੁਕੇ ਹੋਏ ਸਨ।

ਉਨ੍ਹਾਂ ਕਿਹਾ ਕਿ ਨਾ ਸਿਰਫ਼ ਅਕਾਡਮੀ ਦੀ ਇਸ ਟੀਮ ਨੇ ਸਾਹਿਤਕ ਤੇ ਅਕਾਦਮਿਕ ਕਾਰਜਾਂ ਵਿਚ ਚੋਖਾ ਵਾਧਾ ਕੀਤਾ ਬਲਕਿ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਉਚੇਚੇ ਉਪਰਾਲੇ ਕੀਤੇ। ਜਿਸ ਨਾਲ ਅਕਾਡਮੀ ਦੀ ਵਿਲੱਖਣ ਗਿਆਨ ਖ਼ਜ਼ਾਨੇ ਨਾਲ ਭਰਪੂਰ ਲਾਇਬ੍ਰੇਰੀ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦੀ ਪਹੁੰਚ ਵਿਚ ਆਈ। ਉਨ੍ਹਾਂ ਕਿਹਾ ਕਿ ਇਸ ਅਨਮੋਲ ਖ਼ਜ਼ਾਨੇ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿਚ ਨਵੀਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਕਾਰਜ ਨੂੰ ਜਾਰੀ ਰੱਖਣ ਲਈ ਇਸ ਟੀਮ ਨੂੰ ਇਕ ਵਾਰ ਫੇਰ ਮੌਕਾ ਦੇਣਾ ਲਾਜ਼ਮੀ ਹੈ।

ਇਸ ਮੌਕੇ ਸਾਰੇ ਹਾਜ਼ਰ ਲੇਖਕਾਂ ਨੇ ਪਿਛਲੇ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਕਾਰਜਕਾਰਨੀ ਮੈਂਬਰ ਸੁਖਜੀਤ ਮਾਛੀਵਾੜਾ ਦੇ ਅਚਾਨਕ ਦੇਹਾਂਤ ਤੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਭਜਨ ਗਿੱਲ ਨੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਕਿ ਵਿੱਛੜੇ ਮਿੱਤਰ ਪਿਆਰੇ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਸਭ ਦੋਸਤ 21 ਫਰਵਰੀ ਨੂੰ ਗੁਰਦੁਆਰਾ ਚਰਨ  ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ)ਵਿਖੇ ਦੁਪਹਿਰ 12ਵਜੇ ਤੋਂ 1ਵਜੇ ਤੀਕ ਜ਼ਰੂਰ ਪੁੱਜਣ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਸਾਹਿੱਤ  ਅਕਾਡਮੀ ਲੁਧਿਆਣਾ ਆਪਣੀ ਵਿਲੱਖਣ ਸਾਹਿਤਕ ਤੇ ਅਕਾਦਮਿਕ ਰਿਵਾਇਤ ਲਈ ਜਾਣੀ ਜਾਂਦੀ ਹੈ। ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਾਲੀ ਟੀਮ ਨੇ ਅਕਾਡਮੀ ਦੀ ਸਾਹਿਤਕ ਪਰੰਪਰਾ ਤੇ ਆਧੁਨਿਕ ਤਕਨੀਕ ਵਿਚਾਲੇ ਪੁਲ ਉਸਰਾਦਿਆਂ ਆਪਣੀ ਪ੍ਰਬੰਧਕੀ ਸੂਝ ਨਾਲ ਅਕਾਡਮੀ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਹੈ। ਇਸ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਸਮੂਹ ਪੰਜਾਬੀ ਲੇਖਕ ਭਾਈਚਾਰਾ ਡਾ. ਜੌਹਲ ਦੀ ਅਗਵਾਈ ਵਾਲੇ ਅਦਬੀ ਕਾਫ਼ਲੇ ਦੇ ਭਰਪੂਰ ਸਮਰਥਨ ਵਿਚ ਆ ਗਿਆ ਹੈ। ਇਸ ਮੌਕੇ ਚੋਣਾਂ ਵਿੱਚ ਉਤਾਰੀ ਟੀਮ ਨੂੰ ਸਹਿਯੋਗ ਦੇਣ ਲਈ ਡਾ. ਨਿਰਮਲ ਜੌੜਾ, ਨਵਾਂ ਜ਼ਮਾਨਾ ਦੇ ਮੈਗਜ਼ੀਨ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ,ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਡਾ. ਓਮਿੰਦਰ ਜੌਹਲ, ਚੰਡੀਗੜ੍ਹ ਤੋਂ ਡਾ. ਸਵੈਰਾਜ ਸੰਧੂ, ਡਾ. ਨਿਰਮਲ ਸਿੰਘ ਬਾਸੀ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੁਰਿੰਦਰਜੀਤ ਚੌਹਾਨ ਨਾਭਾ,ਇੰਦਰਜੀਤਪਾਲ ਕੌਰ ਭਿੰਡਰ,ਅਮਰਜੀਤ ਸ਼ੇਰਪੁਰੀ ਤੇ ਸਰਬਜੀਤ ਵਿਰਦੀ ਸਮੇਤ ਕਈ ਉੱਘੇ ਲੇਖਕ ਹਾਜ਼ਰ ਸਨ।

ਡਾ. ਲਖਵਿੰਦਰ ਸਿੰਘ ਜੌਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀਂ ਆਪਣਾ ਆਪਣਾ 22 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ ਜਿਸ ਤੋਂ ਸਾਡਾ ਮਨੋਰਥ ਸਪੱਸ਼ਟ ਹੈ ਕਿ ਸਾਡਾ ਸਾਹਿਤਕ ਕਾਫ਼ਲਾ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਾਂ ਨੂੰ ਬਿਹਤਰ ਕਰਨ, ਇਸ ਦੀ ਮੌਜੂਦਾ ਅਵਸਥਾ ਵਿਚ ਜ਼ਮੀਨੀ ਸੁਧਾਰ ਕਰਨ ਤੋਂ ਲੈ ਕੇ ਅਕਾਡਮੀ ਦੇ ਸਾਹਿਤਕ ਤੇ ਅਕਾਦਮਿਕ ਪਛਾਣ  ਨੂੰ ਹੋਰ ਗੂੜ੍ਹਾ ਕਰਨਾ ਹੈ। ਅਸੀਂ ਸਮੂਹ ਲੇਖਕ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਮਨੋਰਥ ਪੱਤਰ ‘ਤੇ ਮੋਹਰ ਲਾ ਕੇ ਸਾਡੇ ਵਿਸ਼ਵਾਸ  ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਸਰਬ-ਉੱਚਤਾ ਲਈ ਵਿੱਢੇ ਕਾਰਜਾਂ ਨੂੰ ਜਾਰੀ ਰੱਖਣ ਵਿਚ ਸਾਡਾ ਸਹਿਯੋਗ ਕਰਨ।

Leave a Reply

Your email address will not be published. Required fields are marked *