- September 20, 2023
ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਉਪਰੰਤ ਪੰਜਾਬ ਰੋਡਵੇਜ਼ ਦੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤ
ਚੰਡੀਗੜ੍ਹ, 20 ਸਤੰਬਰ: ਪੰਜਾਬ ਰੋਡਵੇਜ਼ ਦੇ ਹੜਤਾਲ ਕਰਨ ਵਾਲੇ ਆਉਟਸੋਰਸ ਅਤੇ ਕੰਟਰੈਕਚਿਊਲ ਮੁਲਾਜ਼ਮਾਂ ਵਲੋਂ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਉਪਰੰਤ ਅੱਜ ਸਵੇਰੇ ਤੋਂ ਸ਼ੁਰੂ ਕੀਤੀ ਹੜਤਾਲ ਨੂੰ ਸਮਾਪਤ ਕਰ ਦਿੱਤਾ।
ਅੱਜ ਇਥੇ ਪੰਜਾਬ ਭਵਨ ਵਿਖੇ ਹੜਤਾਲ ਕਰਨ ਵਾਲੇ ਆਉਟਸੋਰਸ ਅਤੇ ਕੰਟਰੈਕਚਿਊਲ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂ ਵਲੋਂ ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਨਦੀਪ ਕੌਰ ਹਾਜ਼ਰ ਸਨ।
ਮੀਟਿੰਗ ਦੌਰਾਨ ਹੜਤਾਲ ਕਰਨ ਵਾਲੇ ਆਉਟਸੋਰਸ ਅਤੇ ਕੰਟਰੈਕਚਿਊਲ ਮੁਲਾਜ਼ਮਾਂ ਵਲੋਂ ਆਪਣੀ ਮੰਗਾਂ ਸਬੰਧੀ ਟਰਾਂਸਪੋਰਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ।
ਮੁਲਾਕਾਤ ਦੌਰਾਨ ਲਾਲਜੀਤ ਸਿੰਘ ਭੁੱਲਰ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕੀ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ,ਜਿਨ੍ਹਾਂ ਵਿਚੋਂ ਜ਼ਿਆਦਾਤਰ ਪਹਿਲਾਂ ਹੀ ਮੰਨੀਆਂ ਜਾ ਚੁਕੀਆਂ ਹਨ ਪ੍ਰੰਤੂ ਇਨ੍ਹਾਂ ਨੂੰ ਨਿਯਮਾਂ ਅਨੁਸਾਰ ਲਾਗੂ ਕਰਨ ਵਿਚ ਕੁੱਝ ਸਮਾਂ ਲੱਗ ਰਿਹਾ ਹੈ ਇਸ ਲਈ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਵਿਭਾਗ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
ਟਰਾਂਸਪੋਰਟ ਮੰਤਰੀ ਨੇ ਮੁਲਾਜ਼ਮ ਨੂੰ ਅਗਲੀ ਤਨਖ਼ਾਹ 5 ਫ਼ੀਸਦ ਵਾਧੇ ਨਾਲ ਦੇਣ, ਬਲੈਕ ਲਿਸਟ ਕੀਤੇ ਗਏ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਬਹਾਲ ਕਰਨ,ਜਿਨ੍ਹਾਂ ਬੱਸਾਂ ਵਿਚ ਬੈਟਰੀਆਂ ਜਾ ਟਾਇਰ ਪੈਣ ਵਾਲੇ ਹਨ ਉਨ੍ਹਾਂ ਨੂੰ ਤੁਰੰਤ ਬਦਲਣ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ।