- June 21, 2024
ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਵਿਧਾਇਕ ਜੀਵਨਜੋਤ
ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਵਿਧਾਇਕ ਜੀਵਨਜੋਤ
ਯੋਗ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਓ-ਵਿਧਾਇਕ ਕੁੰਵਰ
ਯੋਗ ਨਾਲ ਜੋੜਨ ਲਈ ਜਿਲ੍ਹਾ ਵਾਸੀ ਸੀ ਐਮ ਯੋਗਸ਼ਾਲਾ ਦੀ ਮਦਦ ਲੈਣ
ਅੰਮ੍ਰਿਤਸਰ, 21 ਜੂਨ— ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਦੀ ਅਗਵਾਈ ਹੇਠ ਜਿਲ੍ਹਾ ਆਯੂਰਵੈਦਿਕ ਵਿਭਾਗ ਅਤੇ ਭਾਰਤੀ ਯੋਗ ਸੰਸਥਾ ਵਲੋਂ ਕੰਪਨੀ ਬਾਗ ਵਿਖੇ ਜ਼ਿਲਾ ਪੱਧਰੀ ਦਸਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਇਸ ਯੋਗ ਦਿਵਸ ਵਿਚ ਵਿਧਾਇਕ ਜੀਵਨ ਜੋਤ ਕੋਰ, ਵਿਧਾਇਕ ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ, ਵਧੀਕ ਡਿਪਟੀ ਕਮਿਸਨਰ ਸ਼੍ਰੀਮਤੀ ਜੋਤੀ ਬਾਲਾ, ਐਸ ਡੀ ਐਮ ਸ: ਮਨਕੰਵਲ ਸਿੰਘ ਚਾਹਲ, ਜ਼ਿਲਾ ਆਯੂਰਵੈਦਿਕ ਅਫਸਰ ਡਾ: ਦਿਨੇਸ਼ ਕੁਮਾਰ ਤੋ ਇਲਾਵਾ ਯੋਗ ਦਿਵਸ ਮੌਕੇ 500 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ। ਇਸ ਸੈਸ਼ਨ ਵਿੱਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।
ਵਿਧਾਇਕ ਜੀਵਨਜੋਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮੰਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਯੋਗ ਨਾਲ ਅਸੀ ਕਈ ਬੀਮਾਰੀਆਂ ਤੋ ਦੂਰ ਰਹਿ ਸਕਦੇ ਹਾਂ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੀ ਐਮ ਯੋਗਸ਼ਾਲਾ ਦੀ ਸ਼ੁਰੂਆਤ ਜਿਲ੍ਹੇ ਵਿੱਚ ਕੀਤੀ ਗਈ ਸੀ ਜਿਸ ਤਹਿਤ 129 ਜਨਤਕ ਥਾਵਾਂ ’ਤੇ ਮੁਫ਼ਤ ਵਿੱਚ ਯੋਗਾ ਦੀ ਸਿਖਲਾਈ ਮਾਹਰਾਂ ਵਲੋਂ ਦਿੱਤੀ ਜਾ ਰਹੀ ਹੈ, ਜਿਥੇ ਲਗਭਗ 3000 ਤੋ ਵੱਧ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਲੋਕ ਯੋਗ ਦੀਆਂ ਕਲਾਸਾਂ ਲਈ ਲੋਕ 76694-00500 ਨੰਬਰ ਤੇ ਮਿਸਡ ਕਾਲ ਕਰਕੇ ਸੀ ਐਮ ਯੋਗਸ਼ਾਲਾ ਨਾਲ ਜੁੜ ਸਕਦੇ ਹਨ।ਉਨ੍ਹਾਂ ਕਿਹਾ ਕਿ ਯੋਗ ਕਲਾਸਾਂ ਲਈ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦਿੱਤੇ ਹੋਏ ਨੰਬਰ ਤੇ ਮਿਸਡ ਕਾਲ ਕਰਕੇ ਲੋਕ ਵੱਡੀ ਗਿਣਤੀ ਵਿਚ ਜੁੜ ਰਹੇ ਹਨ।
ਇਸ ਮੌਕੇ ਵਿਧਾਇਕ ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਯੋਗਾ ਸਾਡੀ ਵਿਰਾਸਤ ਦਾ ਹਿੱਸਾ ਹੈ ਅਤੇ ਅਜੋਕੇ ਜੀਵਨ ਜਾਂਚ ਦੌਰਾਨ ਜਦੋਂ ਕਿ ਸਰੀਰਿਕ ਕੰਮ ਘੱਟ ਗਏ ਹਨ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਡਾ: ਕੁੰਵਰ ਨੇ ਕਿਹਾ ਕਿ ਯੋਗਾ ਇਕ ਸੰਪੂਰਨ ਕਸਰਤ ਹੈ ਜੋ ਕਿ ਸਰੀਰ ਅਤੇ ਆਤਮਾ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਨੂੰ ਰੋਜ਼ਾਨਾ ਆਪਣੀ ਜਿੰਦਗੀ ਦਾ ਹਿੱਸਾ ਬਣਾਓ ਤਾਂ ਜੋ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ।
ਇਸ ਮੌਕੇ ਸਾਰੇ ਯੋਗਾ ਸੈਸ਼ਨ ਦੌਰਾਨ ਖੁਦ ਵੀ ਯੋਗ ਆਸਣ ਕੀਤੇ। ਇਸ ਮੌਕੇ ਭਾਰਤੀ ਯੋਗ ਸੰਸਥਾ ਵਲੋ ਵਿਧਾਇਕ ਜੀਵਨਜੋਤ ਕੌਰ, ਵਿਧਾਇਕ ਡਾ: ਕੁੰਵਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ ਅਤੇ ਐਸ. ਡੀ .ਐਮ ਸ: ਮਨਕੰਵਲ ਚਾਹਲ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਯੋਗ ਦਿਵਸ ਵਿਚ ਸਕੂਲੀ ਬੱਚਿਆ ਤੋ ਇਲਾਵਾ ਭਾਰਤੀ ਯੋਗ ਸੰਸਥਾਨ ਦੇ ਪ੍ਰਤੀਨਿਧੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋ ਸੱਤ ਏਕੜ ਪਾਰਕ ਨਿਊ ਅੰਮ੍ਰਿਤਸਰ ਵਿਖੇ ਵੀ ਯੋਗਾ ਦਿਵਸ ਮਨਾਇਆ ਗਿਆ । ਇਸ ਮੌਕੇ ਵਿਧਾਇਕ ਜੀਵਨਜੋਤ ਕੋਰ , ਸਹਾਇਕ ਕਮਿਸ਼ਨਰ ਸ਼੍ਰੀਮਤੀ ਗੁਰਸਿਮਰਨ ਕੋਰ ਅਤੇ ਕੰਟੋਨਮੈਟ ਪਾਰਕ ਵਿਖੇ ਯੋਗਾ ਵਿਚ ਵਿਧਾਇਕ ਡਾ: ਜਸਬੀਰ ਸਿੰਘ ਸੰਧੂ, ਸਹਾਇਕ ਕਮਿਸ਼ਨਰ ਨਗਰ ਨਿਗਮ ਸ੍ਰ ਵਿਸ਼ਾਲ ਵਧਾਵਨ, ਨੇ ਸਿਰਕਤ ਕੀਤੀ ਅਤੇ ਲੋਕਾਂ ਨੂੰ ਯੋਗਾ ਦੇ ਫਾਇਦੇ ਦੱਸੇ। ਇਸ ਮੌਕੇ ਵਿਧਾਇਕ ਸੰਧੂ ਵੱਲੋਂ ਪਾਰਕ ਵਿੱਚ ਪੌਦਾ ਵੀ ਲਗਾਇਆ ਗਿਆ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪੌਦੇ ਜਰੂਰ ਲਗਾਉਣ ਤਾਂ ਜੋ ਵਾਤਾਵਰਣ ਨੂੰ ਸਵੱਛ ਰੱਖਿਆ ਜਾ ਸਕੇ। ਇਸ ਮੌਕੇ ਯੋਗ ਕੁਆਰਡੀਨੇਟਰ ਸ੍ਰ ਗਰਪ੍ਰੀਤ ਸਿੰਘ ਵੀ ਹਾਜਰ ਸਨ।