- December 14, 2023
ਸੁਖਬੀਰ ਬਾਦਲ ਦਾ ’’ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਮਿਲਿਆ’’ ਕਹਿਣਾ ਕੋਰਾ ਝੂਠ: ਪ੍ਰੋ. ਸਰਚਾਂਦ ਸਿੰਘ ਖਿਆਲਾ।
ਸੁਖਬੀਰ ਬਾਦਲ ਦਾ ’’ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਮਿਲਿਆ’’ ਕਹਿਣਾ ਕੋਰਾ ਝੂਠ: ਪ੍ਰੋ. ਸਰਚਾਂਦ ਸਿੰਘ ਖਿਆਲਾ।
2018 ਵਾਲੀ ਭੁੱਲਾਂ ਬਖ਼ਸ਼ਾਉਣ ਦੀ ਅਪਰਵਾਨ ਸਿਆਸਤ ਮੁੜ ਦੁਹਰਾਉਣ ਨਾਲ ਵੀ ਹਾਲਾਤ ਨਹੀਂ ਬਦਲੇਗਾ।
ਅੰਮ੍ਰਿਤਸਰ 14 ਦਸੰਬਰ ( ਰਾਹੁਲ ਸੋਨੀ )
ਭਾਜਪਾ ਦੇ ਸੂਬਾਈ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਬੇਅਦਬੀ ਦੇ ਦੋਸ਼ੀ ਫੜਨ ਦਾ ਮੌਕਾ ਨਾ ਦਿੱਤੇ ਜਾਣ ਦੇ ਬਿਆਨ ਨੂੰ ਸਭ ਤੋ ਵੱਡਾ ਝੂਠ ਕਰਾਰ ਦਿੱਤਾ । ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਇਕ ਜੂਨ 2015 ਨੂੰ ਚੋਰੀ ਹੋਇਆ ਜਿਸ ਬਾਰੇ 25 ਸਤੰਬਰ 2015 ਨੂੰ ਫ਼ਰੀਦਕੋਟ ਦੇ ਬਰਗਾੜੀ ਵਿਖੇ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤਦਿਆਂ ਸਿੱਖ ਕੌਮ ਨੂੰ ਚੁਨੌਤੀ ਦੇਣ ਤੋਂ ਬਾਅਦ ਇਸੇ ਸਾਲ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਬੇਅਦਬੀ ਕੀਤੇ ਹੋਏ ਪਿੰਡ ਬਰਗਾੜੀ ਤੋਂ ਮਿਲੇ। ਇਸ ਤਰਾਂ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦੇ ਮੁਖੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਫਰਵਰੀ 2017 ਤਕ 1 ਸਾਲ 7 ਮਹੀਨਿਆਂ ਦਾ ਮੌਕਾ ਸੀ, ਪਰ ਸੱਤਾ ਦੇ ਨਸ਼ੇ ’ਚ ਚੂਰ ਸੁਖਬੀਰ ਬਾਦਲ ਨੇ ਕੁਝ ਵੀ ਸਾਰਥਿਕ ਨਹੀਂ ਕੀਤਾ। ਇੱਥੋਂ ਤਕ ਕਿ ਆਪਣੇ ਹੀ ਸਰਕਾਰ ਵੱਲੋਂ ਬੇਅਦਬੀ ਸੰਬੰਧੀ ਬਣਾਈ ਗਈ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲੈਣ ਤੋਂ ਵੀ ਕੀਤੀ ਗਈ ਆਨਾਕਾਨੀ ਕਿਸੇ ਤੋਂ ਭੁੱਲਿਆ ਨਹੀਂ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਮੁਆਫ਼ੀ ਮੰਗਣੀ ਚੰਗੀ ਗਲ ਹੈ ਪਰ ਜਦੋਂ ਕਿ ਸੁਖਬੀਰ ਬਾਦਲ ਸਮਝ ਦੇ ਹਨ ਕਿ ਉਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਿਆ ਫਿਰ ਉਹ ਕਿਸ ਗਲ ਲਈ ਦੋਸ਼ੀ ਹਨ? ਜੇ ਉਨ੍ਹਾਂ ਦੇ ਦਿਲ ਸਾਫ਼ ਅਤੇ ਪਸ਼ਚਾਤਾਪ ਲਈ ਬਰਗਾੜੀ ਬੇਅਦਬੀ ਸਮੇਤ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫ਼ੀ ਮੰਗਣੀ ਹੈ ਤਾਂ ਉਹ ਪੰਥਕ ਰਵਾਇਤਾਂ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਕੋਲ ਪੇਸ਼ ਹੋਣਾ ਜ਼ਰੂਰੀ ਕਿਉਂ ਨਹੀਂ ਸਮਝਦਾ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ 2018 ’ਚ ਵੀ ਇਸੇ ਤਰਾਂ ਦੀ ਭੁੱਲਾਂ ਬਖ਼ਸ਼ਾਉਣ ਦੀ ਕੀਤੀ ਗਈ ਸਿਆਸਤ ਦੀ ਬੜੀ ਤਿੱਖੀ ਨੁਕਤਾਚੀਨੀ ਹੋਈ ਸੀ। ਸਿੱਖ ਪੰਥ ਨੇ ਇਸ ਤਰਾਂ ਦੇ ਖੋਖਲੇ ਡਰਾਮੇਬਾਜ਼ੀ ਨੂੰ ਨਾ ਪਸੰਦੀ ਦਾ ਜਵਾਬ ਅਕਾਲੀ ਦਲ ਨੂੰ ਉਸ ਤੋਂ ਬਾਅਦ ਦੀਆਂ ਚੋਣਾਂ ਦੌਰਾਨ ਵੱਡੀਆਂ ਹਾਰਾਂ ਦੇ ਕੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿੱਖ ਪੰਥ ਨੂੰ ਗੁਮਰਾਹ ਕਰਨ ਲਈ ਹੀ ਪੰਥ ਨੂੰ ਖ਼ਤਰਾ ਵਾਲਾ ਜੁਮਲਾ ਛੱਡ ਰਿਹਾ ਹੈ ਅਤੇ ਮੁਆਫ਼ੀ ਮੰਗਣ ਦਾ ਵਰਤਾਰਾ ਮੁੜ ਦੁਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਇਹ ਨਹੀਂ ਭੁੱਲਿਆ ਕਿ ਆਪਣੇ ਸਵਾਰਥ ਲਈ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ ਮੰਗਿਆ ਮੁਆਫ਼ੀ ਦਿਵਾਈ ਗਈ ਅਤੇ ਜਦੋਂ ਪੰਥ ਨੇ ਭਾਰੀ ਵਿਰੋਧ ਕੀਤਾ ਤਾਂ 16 ਅਕਤੂਬਰ ਨੂੰ ਮੁਆਫ਼ੀ ਰੱਦ ਕਰਨੀ ਪਈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀਆਂ ਨਾਕਾਮੀਆਂ ਨੂੰ ਦੂਜਿਆਂ ਸਿਰ ਮੜ੍ਹ ਕੇ ਆਪ ਸੁਰਖ਼ਰੂ ਹੋਣਾ ਚਾਹੁੰਦਾ ਹੈ। ਉਨ੍ਹਾਂ ਸਿੱਖ ਪੰਥ ਨੂੰ ਸੁਖਬੀਰ ਬਾਦਲ ਵੱਲੋਂ ਦਿੱਲੀ, ਪਟਨਾ, ਹਜ਼ੂਰ ਸਾਹਿਬ ਅਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਬਾਰੇ ਕੀਤੀ ਜਾ ਰਹੀ ਗ਼ਲਤ ਬਿਆਨੀ ਬਾਰੇ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਅਕਾਲੀ ਦਲ ’ਚ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਸੀ ਜੋ ਹੁਣ ਸਰਮਾਏਦਾਰਾਂ ਦੇ ਹੱਥਾਂ ’ਚ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀ ਅਜ਼ਾਦੀ ਅਤੇ ਸੇਵਾ ਸੰਭਾਲ ਦੀ ਲਹਿਰ ਵਿਚੋਂ ਹੋਂਦ ’ਚ ਆਇਆ ਅਕਾਲੀ ਦਲ ਕੌਮੀ ਪਰਵਾਨਿਆਂ ਦੀ ਪਾਰਟੀ ਸੀ, ਜਿਸ ਦੇ ਚੋਣ ਨਿਸ਼ਾਨ ’ਤੱਕੜੀ’ ਦਾ ਮਤਲਬ ’ਪੰਥ’ ਹੋਇਆ ਕਰਦਾ ਸੀ। ਲੀਡਰਾਂ ਦੀ ਜੀਵਨ ਸ਼ੈਲੀ ਦੂਜਿਆਂ ਲਈ ਪ੍ਰੇਰਨਾ ਸਰੋਤ ਹੋਇਆ ਕਰਦਾ ਸੀ, ਪਾਰਟੀ ਦੀ ਕਮਾਨ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਦੇ ਹੱਥ ਆਈ ਹੈ, ਪਾਰਟੀ ਨੂੰ ਬਹੁਤ ਤੇਜ਼ੀ ਨਾਲ ਖੋਰਾ ਲੱਗਾ ਹੈ। ਅਕਾਲੀ ਦਲ ਦੇ ਅਪਰਾਧੀਕਰਨ ਤੇ ਇਸ ਉਪਰ ਹੁੱਲੜਬਾਜ਼ ਅਨਸਰਾਂ ਦੇ ਭਾਰੂ ਹੋਣ ਦਾ ਅਮਲ ਸ਼ੁਰੂ ਹੋਇਆ। ਅੱਜ ਦੀ ਲੀਡਰਸ਼ਿਪ ’ਚ ਵਪਾਰਕ ਬਿਰਤੀ ਤੋਂ ਇਲਾਵਾ ਕਈਆਂ ਦਾ ਨਸ਼ਿਆਂ ਦੇ ਧੰਦਿਆਂ ’ਚ ਜ਼ਮਾਨਤਾਂ ’ਤੇ ਹੋਣਾ ਪਾਰਟੀ ਅਤੇ ਨੈਤਿਕ ਪਤਨ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਚੋਣਾਂ ਜਿੱਤਣਾ ਸੁਖਬੀਰ ਦਾ ਇਕਲੌਤਾ ਮਕਸਦ ਸੀ ਅਤੇ ਉਸ ਨੇ ਆਪਣੇ ਇਸ ਕਾਰਜ ਨੂੰ ਐਨੀ ਸੰਜੀਦਗੀ ਨਾਲ ਲਿਆ ਕਿ ਨਾਸਤਿਕਾਂ, ਕਾਨੂੰਨ ਨੂੰ ਟਿੱਚ ਜਾਣਨ ਵਾਲਿਆਂ, ਨਸ਼ੇੜੀਆਂ ਅਤੇ ਇੱਥੋਂ ਤਕ ਕਿ ਮੁਜਰਮਾਂ ਲਈ ਵੀ ਪਾਰਟੀ ਦੇ ਦਰ ਖੋਲ੍ਹ ਦਿੱਤੇ। ਅਕਾਲੀ ਦਲ ਵਿਚ ਜਿੱਥੇ ਵਿਚਾਰਧਾਰਾ ਦੀ ਪ੍ਰਾਥਮਿਕਤਾ ਸੀ ਪਰਿਵਾਰਵਾਦ ਦੇ ਭਾਰੂ ਹੋਣ ਨਾਲ ਮਲਾਈ ਖਾਣ ਵਾਲੇ, ਅਹੁਦਿਆਂ ਦੇ ਲਾਲਚੀ ਤੇ ਚਾਪਲੂਸਾਂ ਦੇ ਟੋਲਿਆਂ ਨੇ ਆਪਣੀ ਜਗਾ ਬਣਾ ਲਈ। ਚੋਣਾਂ ਵੇਲੇ ਟਿਕਟ ਦੇਣ ਦਾ ਮਾਪਦੰਡ ਲੋਕਾਂ ਲਈ ਜੇਲ੍ਹ ਕੱਟਣਾ ਜਾਂ ਕੁਰਬਾਨੀ ਹੁੰਦਾ ਸੀ। ਹੁਣ ਮਹਿੰਗੇ ਚਿੱਟੇ ਕੁੜਤੇ ਪਜਾਮੇ, ਬੂਟ, ਲੈਂਡ ਕਰੂਜ਼ਰ ਤੇ ਫਾਰਚੂਨਰ ਗੱਡੀਆਂ ਨਾਲ ਲੈਸ ਅਕਾਲੀ ਕਾਕਿਆਂ ਨੂੰ ਅਹਿਮੀਅਤ ਮਿਲਣਾ ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਸਿਆਸਤ ਵਿਚ ਆਈਆਂ ਵੱਡੀਆਂ ਤਬਦੀਲੀਆਂ ਦਾ ਸਬੂਤ ਹੈ।