- December 22, 2023
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ।
’’ ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’’
( ਪ੍ਰੋ. ਸਰਚਾਂਦ ਸਿੰਘ ਖਿਆਲਾ)
ਸਿੱਖ ਇਤਿਹਾਸ ਦੀ ਸ਼ਹੀਦੀ ਪਰੰਪਰਾ ਲਾਸਾਨੀ ਹੈ। ਸੰਮਤ 1761 ’ਚ 8 ਪੋਹ ਅਤੇ 13 ਪੋਹ ਦੀਆਂ ਘਟਨਾਵਾਂ, ਜਿਨ੍ਹਾਂ ’ਚ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀਆਂ ਚਮਕੌਰ ’ਚ ਸ਼ਹਾਦਤਾਂ ਅਤੇ ਸਰਹੰਦ ’ਚ ਨਿੱਕੀਆਂ ਜ਼ਿੰਦਾਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀਆਂ ਅਡੋਲ ਪੂਰੇ ਸਿਦਕ ਨਾਲ ਦਿੱਤੀਆਂ ਮਹਾਨ ਸ਼ਹਾਦਤਾਂ ਨਿਸ਼ਚੇ ਹੀ “ਬਾਬੇਕਿਆਂ ਅਤੇ ਬਾਬਰਕਿਆਂ” ਵਿਚਕਾਰ ਖ਼ੂਨੀ ਸੰਘਰਸ਼ ਦਾ ਸਿਖਰ ਸੀ। ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਵੱਲੋਂ ਐਮਨਾਬਾਦ ’ਚ ਬਾਬਰ ਨੂੰ ਜਾਬਰ ਕਹਿਣ ਅਤੇ “ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥’’ ਨਾਲ ਹੋ ਗਈ ਸੀ। ਗੁਰੂ ਨਾਨਕ ਸਾਹਿਬ ਅਤੇ ਭਗਤੀ ਲਹਿਰ ਦੇ ਸੰਤ ਮਹਾਂਪੁਰਸ਼ ਭਾਰਤ ਨੂੰ ਵਿਦੇਸ਼ੀਆਂ ਦੀ 7 ਸਦੀਆਂ ਤੋਂ ਜਾਰੀ ਗ਼ੁਲਾਮੀ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਸਨ। ਭਗਤ ਕਬੀਰ ਜੀ ਦੇ ’’ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’’ ਦੇ ਸੰਕਲਪ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰ ਕੇ ਦਿਖਾਇਆ। ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਕੇਵਲ ਦੀਵਾਨ ਚੰਦੂ ਦੀ ਧੀ ਦਾ ਰਿਸ਼ਤਾ ਬਾਲ (ਗੁਰੂ) ਹਰਗੋਬਿੰਦ ਸਾਹਿਬ ਲਈ ਇਨਕਾਰ ਕਰਨ ਦਾ ਹੀ ਨਹੀਂ ਸੀ। ਲੇਕਿਨ ਅਸਲ ਕਾਰਨ ਜੋ ਜਹਾਂਗੀਰ ਨੇ ਆਪਣੀ ਡਾਇਰੀ ਵਿਚ ਲਿਖਿਆ ਉਸ ਮੁਤਾਬਿਕ ਸਿੱਖੀ ਦੀ ਦੁਕਾਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਸ੍ਰੀ ਗੋਇੰਦਵਾਲ ਤੋਂ ਬੜੀ ਚਲਦੀ ਆ ਰਹੀ ਸੀ ਉਸ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਜਹਾਂਗੀਰ ਚਾਹੁੰਦਾ ਸੀ ਕਿ ਗੁਰੂ ਸਾਹਿਬ ਵੱਲੋਂ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਵਿਚ ਉਸ ਅਤੇ ਇਸਲਾਮ ਨੂੰ ਅਪਣਾਉਣ ਬਾਰੇ ਲਿਖਿਆ ਜਾਵੇ। ਪਰ ਗੁਰਮਤਿ ਦਾ ਅਸੂਲ ਕਿ ’’ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ’’ ਸੀ । ਇਸੇ ਵਰਤਾਰੇ ’ਚ ਸਤਿਗੁਰੂ ਜੀ ’’ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥’’ ਦੀ ਗੁਰਬਾਣੀ ’ਚ ਅੰਕਿਤ ਬ੍ਰਹਮ ਗਿਆਨੀਆਂ ਦੇ ਲਛਣ ਨੂੰ ਵੀ ਪ੍ਰਤੱਖ ਕਰ ਕੇ ਦਿਖਾਉਂਦੇ ਹਨ।
ਨੌਵੇਂ ਪਾਤਿਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਧਾਰਮਿਕ ਅਜ਼ਾਦੀ ਦੇ ਸਰੋਕਾਰਾਂ ਨੂੰ ਪੂਰੀ ਤਰਾਂ ਪ੍ਰਣਾਈ ਹੋਈ ਸੀ। ਜਦੋਂ ਇੱਕ ਜ਼ਾਲਮ ਕੱਟੜਪੰਥੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤਲਵਾਰ ਦੀ ਤਾਕਤ ਨਾਲ ਭਾਰਤ ਵਿੱਚ ਦਾਰ-ਉਲ-ਇਸਲਾਮ ਦੀ ਸਥਾਪਤੀ ਲਈ ਹਿੰਦੂਆਂ ਉੱਤੇ ਅਨੇਕਾਂ ਜ਼ੁਲਮ ਕਰਕੇ ਉਨ੍ਹਾਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਕੀਤਾ, ਹਿੰਦੂਆਂ ‘ਤੇ ਜਜ਼ੀਆ ਹੀ ਨਹੀਂ ਲਗਾਇਆ ਸਗੋਂ ਘੋੜੇ ’ਤੇ ਚੜ੍ਹਨ ਅਤੇ ਹਿੰਦੂ ਤਿਉਹਾਰਾਂ ਨੂੰ ਮਨਾਉਣ ਦੀ ਵੀ ਮਨਾਹੀ ਕੀਤੀ। ਇਹਨਾਂ ਅੱਤਿਆਚਾਰਾਂ ਦਾ ਵਿਰੋਧ ਮਤਲਬ ਇੱਜ਼ਤ ਅਤੇ ਜਾਨ ਗਵਾਉਣੀ ਸੀ। ਅਜਿਹੀ ਸਥਿਤੀ ’ਚ ਕਸ਼ਮੀਰੀ ਪੰਡਿਤਾਂ ਦੀ ਅਰਜੋਈ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅੱਗੇ ਆਏ। ’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।।’’ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਹਿੰਦੂ ਧਰਮ ਨੂੰ ਬਚਾਉਣ ਲਈ 11 ਨਵੰਬਰ 1675 ਨੂੰ ਦਿਲੀ ਦੀ ਚਾਂਦਨੀ ਚੌਕ ’ਚ ਸਿਰ ਕਲਮ ਕਰਵਾ ਕੇ ਸ਼ਹਾਦਤ ਦਿੱਤੀ। ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਸੰਭਾਲਦਿਆਂ ਹਕੂਮਤ ਦੇ ਜ਼ੁਲਮ ਖ਼ਿਲਾਫ਼ ਲੋਕਾਂ ਵਿਚ ਜਾਗ੍ਰਿਤੀ ਪੈਦਾ ਕੀਤੀ। ਸ਼ਾਸਤਰ ਦੇ ਨਾਲ ਸ਼ਸਤਰ ਵਿੱਦਿਆ ਵਲ ਵਿਸ਼ੇਸ਼ ਧਿਆਨ ਦਿੱਤਾ। 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਵੱਲੋਂ ਚਿਤਵੇਂ ਸਚਿਆਰ ਮਨੁੱਖ ਨੂੰ ਅਮਲੀ ਰੂਪ ’ਚ ਖ਼ਾਲਸੇ ਦੀ ਸਿਰਜਣਾ ਕੀਤੀ। ਊਚ ਨੀਚ, ਛੂਤ ਛਾਤ ਅਤੇ ਰਾਜ ਅਭਿਮਾਨ ਵਿਚ ਗ੍ਰਸੇ ਪਹਾੜੀ ਰਾਜੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ। ਯੁੱਧ ਕਰ ਕੇ ਜਿੱਤ ਨਸੀਬ ਨਹੀਂ ਹੋਈ ਤਾਂ ਅੰਤ ਉਨ੍ਹਾਂ ਬਾਦਸ਼ਾਹ ਔਰੰਗਜ਼ੇਬ ਨੂੰ ਚਿੱਠੀਆਂ ਲਿਖੀਆਂ ਕਿ ਗੁਰੂ ਗੋਬਿੰਦ ਸਿੰਘ ਇਸਲਾਮ ਦਾ ਵੈਰੀ ਹੈ। ਬਾਦਸ਼ਾਹੀ ਤਖ਼ਤ ਲਈ ਵੀ ਖ਼ਤਰਾ ਹੈ। ਬਾਦਸ਼ਾਹ ਅਨੰਦਪੁਰ ’ਚ ਤੇਰੀ ਹਕੂਮਤ ਨਹੀਂ ਚਲਦੀ, ਉਹ ਤੇਰੇ ਤੋਂ ਵੀ ਉੱਚਾ ਤਖ਼ਤ ਲਾ ਕੇ ਬੈਠਾ ਹੈ, ਰਣਜੀਤ ਨਗਾਰਾ ਰੱਖਿਆ ਹੈ, ਅਰਬੀ ਘੋੜੇ ਰੱਖਦਾ ਹੈ, ਲੋਕ ਇਨਾਇਤਾਂ ਲੈ ਕੇ ਆਉਂਦੇ ਹਨ ਉਹ ਨਿਆਂ ਦਿਵਾਉਂਦਾ ਹੈ। ਨਤੀਜੇ ਵਜੋਂ 1761 ਸੰਮਤ, ਸੰਨ 1704 ਨੂੰ ਮੁਗ਼ਲ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। ਇਕ ਪਾਸੇ ਲੱਖਾਂ ਫ਼ੌਜਾਂ ਦੂਜੇ ਪਾਸੇ ਫ਼ਕੀਰ ਅਤੇ ਮੁੱਠੀ ਭਰ ਸਿੰਘ। ਘੇਰਾ ਲੰਮਾ ਹੋ ਗਿਆ ਤਾਂ ਗੁਰੂ ਜੀ ਨਾਲ ਅਨੰਦਪੁਰ ਸਾਹਿਬ ਛੱਡਣ ਲਈ ਝੂਠੇ ਵਾਅਦੇ ਕੀਤੇ ਗਏ। ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਕਿਲ੍ਹਾ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਧੀਰਜ ਰੱਖਣ ਲਈ ਕਿਹਾ ਪਰ ਕੁਝ ਸਿੰਘ ਬੇਦਾਵਾ ਲਿਖ ਕੇ ਦੇ ਗਏ। ਜੋ ਬਾਅਦ ’ਚ ਜਾਨ ਦੇ ਕੇ ਬੇਦਾਵਾ ਪੜਵਾ ਵੀ ਗਏ। ਕਿਲ੍ਹਾ ਛੱਡਣ ਲਈ ਪਹਾੜੀ ਰਾਜਿਆਂ ਨੇ ਸੌਹਾਂ ਖਾਧੀਆਂ ਅਤੇ ਬਾਦਸਾਹ ਵੱਲੋਂ ਗੁਰੂ ਜੀ ਨੂੰ ਲਿਖਤੀ ਕਸਮਾਂ ਵੀ ਭੇਜੀਆਂ ਗਈਆਂ। ਗੁਰੂ ਜੀ ‘ਜ਼ਫ਼ਰਨਾਮੇ’ ਵਿਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ। ਸੰਮਤ 1761 ਬਿਕਰਮੀ 6 ਪੋਹ ਦੀ ਰਾਤ ਨੂੰ ਗੁਰੂ ਜੀ ਦੇ ਕਿਲ੍ਹਾ ਛੱਡ ਦਿੱਤਾ। ਫਿਰ ਕੀ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ।
7 ਪੋਹ ਦੀ ਸਵੇਰ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਰਸਾ ਨਦੀ ਦੇ ਕੋਲ ਗੁਰੂ ਸਾਹਿਬ ਨੇ ਆਸਾ ਦੀ ਵਾਰ ਅਤੇ ਨਿੱਤਨੇਮ ਸ਼ੁਰੂ ਕਰਨ ਦੀ ਆਗਿਆ ਕੀਤੀ । ਦੂਜੇ ਪਾਸੇ ਚੜ੍ਹ ਕੇ ਆਏ ਦੁਸ਼ਮਣ ਨਾਲ ਗਹਿਗੱਚ ਲੜਾਈ ਹੋਈ । ਸਰਸਾ ਨਦੀ ਵਿਚ ਭਾਰੀ ਹੜ੍ਹ ਦੌਰਾਨ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕੀਤੇ ਗਏ। ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ ਤੇ ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ।(ਇਸ ਸਥਾਨ ਤੇ ਹੁਣ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਮੌਜੂਦ ਹੈ) । ਗੁਰੂ ਜੀ ਦੇ ਕਾਫ਼ਲੇ ਨਾਲੋਂ ਵਿੱਛੜ ਕੇ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਪਿੰਡ ਚੱਕ ਢੇਰਾ ਦੇ ਕੁਮਾ ਮਾਸ਼ਕੀ ( ਕਰਮੂ ਤੋਂ ਕਰੀਮ ਬਖਸ਼) ਦੀ ਛੰਨ ’ਚ ਠਹਿਰੇ। ਸਰਸਾ ਕਿਨਾਰੇ ਵਿੱਛੜ ਕੇ ਗੁਰੂ ਗੋਬਿੰਦ ਸਿੰਘ ਜੀ ਖ਼ੁਦ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਕੁਝ ਸਿੰਘ ਰੋਪੜ ਵੱਲ ਚਲੇ ਗਏ। ਜਿੱਥੇ ਉਹ ਬੁੱਧੀ ਚੰਦ ਦੀ ਹਵੇਲੀ ਕੱਚੀ ਗੜੀ, ਚਮਕੌਰ ਸਾਹਿਬ ਪਹੁੰਚੇ। ਉਨ੍ਹਾਂ ਪਿੱਛੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ, ਉੱਥੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ ਸਨ। ਮੁਗ਼ਲ ਸੈਨਾ ਨੇ ਕੱਚੀ ਗੜੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿੱਚ ਲੱਖਾਂ ਦੀ ਗਿਣਤੀ ਦੀ ਮੁਗ਼ਲ ਸੈਨਾ ਨਾਹਰ ਖਾਂ, ਵਜ਼ੀਰ ਖ਼ਾਨ , ਹੈਬਤ ਖਾਂ, ਇਸਮਾਈਲ ਖਾਂ, ਉਸਮਾਨ ਖਾਂ, ਸੁਲਤਾਨ ਖਾਂ, ਖ਼ਵਾਜਾ ਖ਼ਿਜ਼ਰ ਖਾਂ, ਦਿਲਾਵਰ ਖਾਂ, ਸੈਦ ਖਾਂ, ਜ਼ਬਰਦਸਤ ਖਾਂ, ਗੁਲਬੇਗ ਖਾਂ ਆਦਿ ਦੀ ਨਿਗਰਾਨੀ ਵਿੱਚ ਚਮਕੌਰ ਚੜ੍ਹ ਕੇ ਆਈਆਂ ਸਨ। ਨਾਹਰ ਖਾਂ ਜੋ ਕਿ ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਦਾ ਭਰਾ ਸੀ, ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ। ਨਾਹਰ ਖਾਂ ਨੂੰ ਜ਼ਖ਼ਮੀ ਦੇਖ ਗੁਲਸ਼ੇਰ ਖਾਂ, ਖ਼ਿਜ਼ਰ ਖਾਂ ਅੱਗੇ ਨੂੰ ਵੱਧੇ ਪਰ ਗੁਰੂ ਜੀ ਦੇ ਤੀਰਾਂ ਦੀ ਮਾਰ ਨਾ ਝੱਲ ਸਕੇ, ਇੱਧਰ ਸਿੰਘ ਗੁਰੂ ਸਾਹਿਬਾਂ ਦੇ ਹੁਕਮਾਂ ਅਨੁਸਾਰ 5- 5 ਸਿੰਘਾਂ ਦੇ ਜਥੇ ਬਣਾ ਕੇ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਅਖੀਰਲੇ ਸਾਹਾਂ ਤੱਕ ਮੁਗ਼ਲਾਂ ਨਾਲ ਲੋਹਾ ਲੈਂਦੇ ਰਹੇ। ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖ਼ੂਨ ਨਾਲ ਰੱਤੀ ਗਈ। ਗੜੀ ਵਿੱਚ ਗੁਰੂ ਜੀ ਨਾਲ ਖੜੇ ਸਿੰਘਾਂ ਨੇ ਸਲਾਹ ਕੀਤੀ ਕਿ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇਸ ਥਾਂ ਤੋਂ ਨਿਕਲ ਜਾਣ ਤਾਂ ਕਿ ਹੋਰ ਸਿੰਘਾਂ ਨੂੰ ਹਥਿਆਰਬੰਦ ਕਰਕੇ ਮੁਗ਼ਲ ਫ਼ੌਜਾਂ ਨਾਲ ਟਾਕਰਾ ਲੈਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਬ ਹੁੰਦਿਆਂ ਕਿਹਾ ’’ਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਗੁਰੂ ਨਾਨਕ ਦੇ ਘਰ ਦੀ ਰੱਖਿਆ ਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿੱਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉੱਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ।’’ ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀਂ ਜਾ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਸਿੰਘਾਂ ਨੂੰ ਸੂਰਮਿਆਂ ਵਾਂਗ ਲੜਦੇ ਹੋਏ ਵੇਖ ਰਹੇ ਸਨ ਅਤੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਖੜੇ ਸਨ। ਆਪਣੇ ਵੀਰਾਂ ਨੂੰ ਧਰਮ ਤੇ ਅਣਖ ਦੀ ਖ਼ਾਤਰ ਜਾਨਾਂ ਹੂਲ ਕੇ ਜੰਗ ਲੜਦੇ ਹੋਏ ਸ਼ਹੀਦੀਆਂ ਪਾਉਂਦੇ ਵੇਖ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਮੈਦਾਨੇ ਜੰਗ ਵਿੱਚ ਜਦੋਂ ਵੱਡੇ ਫ਼ਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨਾਲ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅਖੀਰ ਜਦੋਂ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀ ਗਏ। ਆਪਣੇ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਲੜਦੇ ਹੋਏ ਦੇਖ ਸਾਹਿਬਜ਼ਾਦਾ ਜੁਝਾਰ ਸਿੰਘ ਇਕਦਮ ਗੁਰੂ ਸਾਹਿਬ ਦੇ ਸਾਹਮਣੇ ਆਏ ਅਤੇ ਬੇਨਤੀ ਕੀਤੀ ਕਿ ਉਸ ਨੂੰ ਵੀ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਹੁਣ ਲਈ ਭੇਜਿਆ ਜਾਵੇ। ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਆਪਣੇ ਲਖ਼ਤੇ ਜਿਗਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਅਜੀਤ ਸਿੰਘ ਵਾਂਗ ਤਿਆਰ ਬਰ ਤਿਆਰ ਕਰ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ। ਕਿੰਨਾ ਫ਼ਰਕ ਹੈ, ਇਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਇਕ ਪਿਤਾ ਹਜ਼ਰਤ ਇਬਰਾਹੀਮ ਦੇ ’ਚ, ਧੰਨ ਹਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜੋ ਧਰਮ ਲਈ ਆਪਣੇ ਪੁੱਤਰਾਂ ਨੂੰ ਆਪ ਜੰਗ ਵਿਚ ਸ਼ਹੀਦ ਹੋਣ ਲਈ ਹੱਥੀਂ ਤੋਰ ਰਹੇ ਹਨ। ਉੱਥੇ ਹੀ ’’ਇਕ ਵਾਰ ਅੱਲਾਹ ਨੇ ਹਜ਼ਰਤ ਇਬਰਾਹੀਮ ਤੋਂ ਕੁਰਬਾਨੀ ਵਿਚ ਉਨ੍ਹਾਂ ਦੀ ਕੋਈ ਪਸੰਦੀਦਾ ਚੀਜ਼ ਮੰਗ ਲਈ ਸੀ। ਹਜ਼ਰਤ ਸਾਹਿਬ ਦਾ ਇੱਕੋ ਇਕ ਪੁੱਤਰ ਇਸਮਾਈਲ ਸੀ। ਜੋ ਕਿ ਬੁਢਾਪੇ ਵਿਚ ਪੈਦਾ ਹੋਇਆ ਸੀ। ਕੁਰਬਾਨੀ ਦੇਣੀ ਪੈਣੀ ਸੀ। ਭਾਵਨਾਵਾਂ ਕਿਸੇ ਤਰਾਂ ਵੀ ਰੁਕਾਵਟ ਨਾ ਪਾਉਣ ਇਸ ਲਈ ਉਨ੍ਹਾਂ ਅੱਖਾਂ ’ਤੇ ਪੱਟੀ ਬੰਨ੍ਹ ਲਈ ਸੀ।’’ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਸਾਹਿਬਜ਼ਾਦਾ ਜੁਝਾਰ ਸਿੰਘ ਘੋੜੇ ਨੂੰ ਅੱਡੀ ਲਾਕੇ ਹਵਾ ਵਿੱਚ ਗੱਲਾਂ ਕਰਦਾ ਰਣ-ਤੱਤੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਤਨੇ ਨੂੰ ਮੁਗ਼ਲ ਸਿਪਾਹਸਲਾਰ ਨੇ ਆਵਾਜ਼ ਲਗਾਈ ਕਿ ‘ਇਹ ਗੋਬਿੰਦ ਦਾ ਦੂਜਾ ਪੁੱਤਰ ਹੈ ਇਸ ਨੂੰ ਅਜਾਈਂ ਨਾ ਜਾਣ ਦੇਣਾ ਮਿਲ ਕੇ ਹਮਲਾ ਕਰੋ ਤੇ ਚਾਰੇ ਪਾਸਿਆਂ ਤੋਂ ਘੇਰ ਲਵੋ, ਇਹ ਵਾਪਸ ਜਿੰਦਾ ਹਵੇਲੀ ਵਿੱਚ ਨਹੀਂ ਜਾਣਾ ਚਾਹੀਦਾ’। ਸਾਹਿਬਜ਼ਾਦਾ ਜੁਝਾਰ ਸਿੰਘ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ। ਸ਼ਾਮ ਦਾ ਹਨੇਰਾ ਪੈ ਗਿਆ, ਲੜਾਈ ਬੰਦ ਹੋ ਗਈ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅੱਲਾ ਯਾਰ ਖਾਂ ਜੋਗੀ ਇੰਝ ਸ਼ਰਧਾਂਜਲੀ ਦਿੰਦਾ ਹੈ ’’ ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’’ ਸਵੇਰੇ ਜੰਗ ਦੇ ਮੈਦਾਨ ਵਿੱਚ ਆਪ ਜੀ ਲੜਨ ਲਈ ਤਿਆਰੀ ਕਰਦੇ ਹਨ ਪਰ ਨਾਲ ਖੜੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਤੇ ਬਾਕੀ ਸਿੰਘ ਗੁਰੂ ਸਾਹਿਬ ਜੀ ਨਾਲ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਦੀ ਸਲਾਹ ਕਰਦੇ ਹਨ, ਕਿ ਬੇਵਕਤ ਸਮੇਂ ਦੀ ਕੁਰਬਾਨੀ ਪੰਥ ਨੂੰ ਨੁਕਸਾਨ ਪਹੁੰਚਾਏਗੀ, ਗੁਰੂ ਸਾਹਿਬ ਜੀ ਜੇਕਰ ਰਣਨੀਤੀ ਦੇ ਤਹਿਤ ਇੱਥੋਂ ਨਿਕਲ ਜਾਂਦੇ ਹਾਂ ਤਾਂ ਬਿਖੜੇ ਸਮੇਂ ਵਿੱਚ ਪੰਥ ਨੂੰ ਮੁੜ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਫਿਰ ਦੁਸ਼ਮਣਾਂ ਨਾਲ ਸੂਰਮਗਤੀ ਨਾਲ ਲੜਦੇ ਸ਼ਹਾਦਤਾਂ ਪਾਵਾਂਗੇ। ਪੰਜ ਪਿਆਰਿਆਂ ਦੇ ਹੁਕਮ ’ਤੇ ਗੁਰੂ ਸਾਹਿਬ ਇਸ ਚਮਕੌਰ ਦੀ ਗੜੀ ਵਿੱਚੋਂ ਨਿਕਲਣ ਦੀ ਵਿਉਂਤਬੰਦੀ ਕਰਦੇ ਹਨ। ਭਾਈ ਸੰਗਤ ਸਿੰਘ ਨੇ ਆਪ ਗੜੀ ਵਿਚ ਰੁਕ ਕੇ ਦੁਸ਼ਮਣ ਨੂੰ ਝਾਂਸਾ ਦੇਣ ਪ੍ਰਤੀ ਬੇਨਤੀ ਕੀਤੀ। ਗੁਰੂ ਜੀ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗ਼ੀ ਸਜਾਈ। ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਗੜੀ ਵਿਚੋਂ ਨਿਕਲ ਕੇ ਤਾੜੀ ਮਾਰਦਿਆਂ ਸ਼ਾਹੀ ਲਸ਼ਕਰ ਨੂੰ ਚੀਰਦਿਆਂ ਨਿਕਲ ਜਾਂਦੇ ਹਨ। ਗੁਰੂ ਜੀ ’ਮਾਛੀਵਾੜੇ’ ਜਾ ਪਹੁੰਚੇ। ਜਿੱਥੇ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਆਣ ਮਿਲਦੇ ਹਨ। ਉੱਧਰ ਗੜੀ ਵਿੱਚ ਬੱਚੇ ਬਾਕੀ ਸਿੰਘਾਂ ਨੇ ਮੁਗ਼ਲ ਫ਼ੌਜਾਂ ਨਾਲ ਜ਼ਬਰਦਸਤ ਟੱਕਰ ਲਈ, ਇੱਕ-ਇੱਕ ਸਿੰਘ ਗੜੀ ਵਿੱਚੋਂ ਨਿਕਲ ਕੇ ਆਪਣੇ ਅੰਤਲੇ ਸਮੇਂ ਤੱਕ ਕਈ ਦੁਸ਼ਮਣਾਂ ਦਾ ਘਾਣ ਕਰਦੇ । ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਸਮੇਤ ਕਈ ਸ਼ਹੀਦੀ ਪ੍ਰਾਪਤ ਕਰਦੇ। ਚਮਕੌਰ ਦਾ ਕਿੱਸਾ ਇਥੇ ਹੀ ਖ਼ਤਮ ਨਹੀਂ ਹੁੰਦਾ। ਜੰਗ ਵਿੱਚ ਸ਼ਹੀਦ ਹੋਏ ਸਾਹਿਬਜ਼ਾਦੇ, ਗੁਰੂ ਕੇ ਪਿਆਰਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਦੇਹਾਂ ਦੀ ਬੇਅਦਬੀ ਨਾ ਹੋਵੇ, ਉਨ੍ਹਾਂ ਨੂੰ ਪਛਾਣ ਕੇ ਸਤਿਕਾਰ ਸਹਿਤ ਸਸਕਾਰ ਕਰਨ ਵਾਲੀ ਦਲੇਰ ਸਿੰਘਣੀ ਬੀਬੀ ਸ਼ਰਨ ਕੌਰ ਨੂੰ ਉੱਥੇ ਮੌਜੂਦ ਵੈਰੀਆਂ ਨੇ ਚੁੱਕ ਜਿਊਂਦੀ ਨੂੰ ਅੱਗ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ । ਬੀਬੀ ਸ਼ਰਨ ਕੌਰ ਆਪਣੇ ਪੰਥਕ ਭਰਾਵਾਂ ਪ੍ਰਤੀ ਅੰਤਿਮ ਸੇਵਾ ਕਰ ਕੇ ਇਹ ਦਸ ਗਈ ਕਿ ਦਸਮੇਸ਼ ਪਿਤਾ ਦੀਆਂ ਪੁੱਤਰੀਆਂ ਪੰਥਕ ਆਨ ਤੇ ਸ਼ਾਨ ਲਈ ਕੁਰਬਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਨ। ਆਓ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਕਰੀਏ।