ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਦੀ ਅਮੀਰ ਵਿਰਾਸਤ, ਇਤਿਹਾਸ ਅਤੇ ਸੱਭਿਆਚਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕਰਦਿਆਂ ਤਿੰਨ ਜਿਲਦਾਂ ਵਿੱਚ ਪ੍ਰਕਾਸ਼ਿਤ ਮਹੱਤਵਪੂਰਨ ਪੁਸਤਕ ‘ਪੰਜਾਬ ਦਾ ਇਤਿਹਾਸ’ ਲੋਕ ਅਰਪਣ ਕੀਤੀ। 1,980 ਸਫ਼ਿਆਂ ਵਿੱਚ ਫੈਲੀ ਇਹ ਪੁਸਤਕ ਪੰਜਾਬ ਦੇ ਇਤਿਹਾਸ ਨੂੰ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਪੱਖਾਂ ਨਾਲ ਸਮਝਣ ਦੀ ਕੋਸ਼ਿਸ਼ ਕਰਦੀ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਦੀਆਂ ਤੋਂ ਕਲਾ, ਸੱਭਿਆਚਾਰ, ਸਾਹਿਤ, ਸੂਰਬੀਰਤਾ ਅਤੇ ਕੁਰਬਾਨੀਆਂ ਦੀ ਧਰਤੀ ਰਿਹਾ ਹੈ। ਪੰਜਾਬ ਦੀ ਧਰਤੀ ਨੇ ਇਤਿਹਾਸ ਦੇ ਅਨੇਕਾਂ ਦੌਰ ਆਪਣੀ ਅੱਖੀਂ ਦੇਖੇ ਹਨ ਅਤੇ ਇੱਥੋਂ ਦੇ ਲੋਕਾਂ ਨੇ ਦੇਸ਼ ਦੀ ਤਰੱਕੀ ਅਤੇ ਨਿਰਮਾਣ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸ਼ਾਨਾਮੱਤੇ ਵਿਰਸੇ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਭਗਵੰਤ ਮਾਨ ਨੇ ਜ਼ੋਰ ਦਿੱਤਾ ਕਿ ਜਿਹੜੇ ਸਮਾਜ ਆਪਣੀ ਭਾਸ਼ਾ, ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੇ ਰਹਿੰਦੇ ਹਨ, ਉਹ ਆਪਣੀ ਪਹਿਚਾਣ ਨੂੰ ਮਜ਼ਬੂਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਸਿਰਫ਼ ਬੀਤੀਆਂ ਘਟਨਾਵਾਂ ਵਜੋਂ ਦੇਖਣ ਦੀ ਬਜਾਏ ਇਸ ਨੂੰ ਪੰਜਾਬ ਦੀ ਸਾਂਝੀ ਚੇਤਨਾ, ਵਿਰਾਸਤ ਅਤੇ ਆਉਣ ਵਾਲੇ ਭਵਿੱਖ ਨਾਲ ਜੋੜ ਕੇ ਸਮਝਣ ਦੀ ਲੋੜ ਹੈ।
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਤਿਆਰ ਕੀਤੀ ਗਈ ਇਹ ਰਚਨਾ ਲਗਭਗ ਅੱਠ ਮਹੀਨਿਆਂ ਦੀ ਮਿਹਨਤ ਦਾ ਨਤੀਜਾ ਹੈ। ਇਸ ਵਿੱਚ 31 ਅਧਿਆਇ ਅਤੇ 33 ਲੇਖਕਾਂ ਤੇ ਵਿਦਵਾਨਾਂ ਦਾ ਯੋਗਦਾਨ ਸ਼ਾਮਲ ਹੈ। ਪੁਸਤਕ ਵਿੱਚ ਪੰਜਾਬ ਨੂੰ ਕੇਵਲ ਰਾਜਨੀਤਿਕ ਘਟਨਾਵਾਂ ਰਾਹੀਂ ਨਹੀਂ, ਸਗੋਂ ਸਮਾਜ, ਭਾਸ਼ਾ, ਸਾਹਿਤ, ਧਰਮ, ਲੋਕਧਾਰਾ, ਖੇਤੀਬਾੜੀ, ਪ੍ਰਵਾਸ, ਸਿੱਖਿਆ, ਕਲਾ, ਸੰਗੀਤ, ਖੇਡਾਂ ਅਤੇ ਸਿਨੇਮਾ ਸਮੇਤ ਵੱਖ-ਵੱਖ ਪੱਖਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਇਸ ਮਹੱਤਵਪੂਰਨ ਕਾਰਜ ਲਈ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਪੁਸਤਕ ਦੇ ਸੰਪਾਦਕਾਂ, ਲੇਖਕਾਂ, ਵਿਦਵਾਨਾਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਆਪਣੇ ਵਿਰਸੇ ਅਤੇ ਪੰਜਾਬ ਦੀਆਂ ਕੁਰਬਾਨੀਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
‘ਪੰਜਾਬ ਦਾ ਇਤਿਹਾਸ’ ਦਾ ਲੋਕ ਅਰਪਣ ਅਜਿਹੇ ਸਮੇਂ ਹੋਇਆ ਹੈ ਜਦੋਂ ਪੰਜਾਬ ਦੀ ਇਤਿਹਾਸਕ ਅਤੇ ਸੱਭਿਆਚਾਰਕ ਪਹਿਚਾਣ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਹੋਰ ਵੀ ਮਹਿਸੂਸ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਇਸ ਮੌਕੇ ਪੰਜਾਬ ਦੇ ਇਤਿਹਾਸ ਨੂੰ ਸਿਰਫ਼ ਯਾਦ ਕਰਨ ਦੀ ਬਜਾਏ ਇਸ ਤੋਂ ਸਿੱਖਣ ਅਤੇ ਇਸ ਨੂੰ ਭਵਿੱਖ ਦੀ ਪੀੜ੍ਹੀ ਲਈ ਸੰਭਾਲ ਕੇ ਰੱਖਣ ਦਾ ਸੱਦਾ ਦਿੱਤਾ।
ਇਹ ਪੁਸਤਕ ਪੰਜਾਬ ਦੇ ਅਤੀਤ ਨੂੰ ਦਸਤਾਵੇਜ਼ਬੱਧ ਕਰਨ ਦੇ ਨਾਲ-ਨਾਲ ਉਸ ਪੀੜ੍ਹੀ ਅਤੇ ਅਗਲੀ ਪੀੜ੍ਹੀ ਦਰਮਿਆਨ ਇੱਕ ਪੁਲ ਬਣਾਉਣ ਦਾ ਯਤਨ ਹੈ, ਤਾਂ ਜੋ ਪੰਜਾਬ ਦੀ ਧਰਤੀ ਦੀਆਂ ਕਹਾਣੀਆਂ, ਕੁਰਬਾਨੀਆਂ, ਸੰਘਰਸ਼ ਅਤੇ ਸੱਭਿਆਚਾਰਕ ਵਿਰਾਸਤ ਸਮੇਂ ਦੇ ਨਾਲ ਧੁੰਦਲੇ ਨਾ ਪੈਣ।