ਲੁਧਿਆਣਾ । ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਡਿਮਾਂਡ ਸਾਈਡ ਮੈਨੇਜਮੈਂਟ (ਡੀਐਸਐਮ) ਦਫ਼ਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਸੇਵਾਲ ਵਿਖੇ “ਬਿਜਲੀ ਦੀ ਬੱਚਤ ਕਿਉਂ ਅਤੇ ਕਿਵੇਂ ਕਰੀਏ” ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ, ਊਰਜਾ ਦੀ ਸੰਭਾਲ ਅਤੇ ਬਿਜਲੀ ਦੀ ਬੱਚਤ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣਾ ਸੀ।

ਸਮਾਗਮ ਵਿੱਚ ਪੀਐਸਪੀਸੀਐਲ ਦੇ ਡੀਐਸਐਮ ਦਫ਼ਤਰ ਤੋਂ ਇੰਜੀਨੀਅਰ ਸਲੀਮ ਮੁਹੰਮਦ, ਉਪ ਮੁੱਖ ਇੰਜੀਨੀਅਰ/ਡੀਐਸਐਮ, ਇੰਜੀਨੀਅਰ ਸ਼ਮੀ ਜਿੰਦਲ, ਵਧੀਕ ਨਿਗਰਾਨ ਇੰਜੀਨੀਅਰ/ਡੀਐਸਐਮ, ਇੰਜੀਨੀਅਰ ਗਰੀਸ਼ ਕੁਮਾਰ ਮਹਾਜਨ, ਸਹਾਇਕ ਇੰਜੀਨੀਅਰ, ਇੰਜੀਨੀਅਰ ਕਰਮਜੀਤ ਸਿੰਘ, ਏਏਈ ਅਤੇ ਇੰਜੀਨੀਅਰ ਅਮਰਜੀਤ ਸਿੰਘ, ਏਏਈ ਨੇ ਸ਼ਿਰਕਤ ਕੀਤੀ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਬਿਜਲੀ ਦੀ ਖਪਤ ਘਟਾਉਣ ਲਈ ਅਪਣਾਏ ਜਾ ਸਕਣ ਵਾਲੇ ਵੱਖ-ਵੱਖ ਤਰੀਕਿਆਂ ਅਤੇ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਲੋੜ ਨਾ ਹੋਣ ’ਤੇ ਬਿਜਲੀ ਦੇ ਉਪਕਰਣ ਬੰਦ ਰੱਖਣ, ਊਰਜਾ-ਕੁਸ਼ਲ ਬਿਜਲੀ ਉਪਕਰਣਾਂ ਦੀ ਵਰਤੋਂ ਕਰਨ ਅਤੇ ਬਿਜਲੀ ਦੀ ਬੇਲੋੜੀ ਖਪਤ ਤੋਂ ਬਚਣ ਵਰਗੀਆਂ ਆਦਤਾਂ ਨਾਲ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਨੇ ਇਨ੍ਹਾਂ ਸੁਝਾਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਵੀ ਕੀਤਾ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਊਰਜਾ ਸੰਭਾਲ ਦੇ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਪੇਪਰ ਪੜ੍ਹੇ। ਇਸ ਤੋਂ ਇਲਾਵਾ, ਬਿਜਲੀ ਬੱਚਤ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਪੇਂਟਿੰਗਾਂ ਵੀ ਖਿੱਚ ਦਾ ਕੇਂਦਰ ਰਹੀਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਊਰਜਾ ਸੰਭਾਲ ਦੀ ਮਹੱਤਤਾ ਸਮਝਣ ਅਤੇ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪੇਸ਼ ਕਰਨ ਦਾ ਮੌਕਾ ਮਿਲਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਅਤੇ ਅਧਿਆਪਕਾਂ ਸ੍ਰੀਮਤੀ ਰੀਤਿਕਾ ਸ਼ਰਮਾ, ਸ੍ਰੀਮਤੀ ਦਲਿੰਦਰ ਕੌਰ, ਸ੍ਰੀ ਜਗਜੀਤ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸਮਾਗਮ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਅਤੇ ਊਰਜਾ ਦੀ ਬੱਚਤ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਪੀਐਸਪੀਸੀਐਲ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਸਕੂਲਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣ, ਤਾਂ ਜੋ ਬੱਚਿਆਂ ਵਿੱਚ ਊਰਜਾ ਸੰਭਾਲ ਪ੍ਰਤੀ ਜਾਗਰੂਕਤਾ ਹੋਰ ਵਧਾਈ ਜਾ ਸਕੇ।
ਸਕੂਲ ਦੀ ਅਧਿਆਪਕਾ ਸ੍ਰੀਮਤੀ ਜਸਵੀਰ ਕੌਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਪੀਐਸਪੀਸੀਐਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਮੀਦ ਜਤਾਈ ਕਿ ਅਜਿਹੇ ਸਮਾਗਮ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਵੀ ਕਰਵਾਏ ਜਾਣਗੇ।
ਸਮਾਗਮ ਦੌਰਾਨ ਪਿੰਡ ਦੇ ਮਹਾਨ ਸ਼ਹੀਦਾਂ ਸ੍ਰੀ ਨਿਰਮਲਜੀਤ ਸਿੰਘ ਸੇਖੋਂ, ਸ੍ਰੀ ਗੁਰਦਿਆਲ ਸਿੰਘ ਸੇਖੋਂ ਅਤੇ ਸ੍ਰੀ ਸਰੂਪ ਸਿੰਘ ਸੇਖੋਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰੋਗਰਾਮ ਦੇ ਅੰਤ ਵਿੱਚ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਐਸਪੀਸੀਐਲ ਦੀ ਡੀਐਸਐਮ ਟੀਮ ਵੱਲੋਂ ਊਰਜਾ ਸੰਭਾਲ ਦੇ ਨਾਅਰਿਆਂ ਵਾਲੀਆਂ ਕਾਪੀਆਂ, ਪੈਨ ਅਤੇ ਕੌਫੀ ਮੱਗ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ, ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਕਾਪੀਆਂ ਅਤੇ ਪੈਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਨੇ ਪੀਐਸਪੀਸੀਐਲ ਦੇ ਡੀਐਸਐਮ ਦਫ਼ਤਰ, ਪਟਿਆਲਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਬਿਜਲੀ ਬੱਚਤ ਸਬੰਧੀ ਜਾਗਰੂਕਤਾ ਦੇ ਇਸ ਉਪਰਾਲੇ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ।
PSPCL Organises Electricity Conservation Awareness Programme at Government Senior Secondary School, Issewal, Ludhiana