
ਮੇਅਰ ਵਿਨੀਤ ਧੀਰ ਦੀ ਅਗਵਾਈ ਹੇਠ ਹੋਇਆ ਸਵਾਗਤ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਰਹੇ ਮੌਜੂਦ
ਜਲੰਧਰ। ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਿਆਸੀ ਮਜ਼ਬੂਤੀ ਮਿਲੀ, ਜਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਕਈ ਸਥਾਨਕ ਆਗੂਆਂ ਨੇ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਪਾਰਟੀ ਵੱਲੋਂ ਇਸ ਨੂੰ ਲੋਕ-ਪੱਖੀ ਨੀਤੀਆਂ, ਵਿਕਾਸ ਕਾਰਜਾਂ ਅਤੇ ਜਨਤਾ ਨਾਲ ਜੁੜੀ ਰਾਜਨੀਤੀ ਪ੍ਰਤੀ ਲੋਕਾਂ ਦੇ ਵਧ ਰਹੇ ਭਰੋਸੇ ਦਾ ਨਤੀਜਾ ਦੱਸਿਆ ਗਿਆ।
ਮੇਅਰ ਵਿਨੀਤ ਧੀਰ ਦੀ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਮੌਜੂਦਗੀ ਵਿੱਚ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਪਾਰਟੀ ਵਿੱਚ ਆਉਣ ਵਾਲਿਆਂ ਵਿੱਚ ਭਾਜਪਾ ਦੇ ਵਾਰਡ ਇੰਚਾਰਜ ਰਾਜੇਸ਼ ਕੁਮਾਰ ਅਤੇ ਬੂਥ ਇੰਚਾਰਜ ਹਰਵਿੰਦਰ ਸਿੰਘ ਟੀਟੂ ਸ਼ਾਮਲ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਬੀ.ਸੀ. ਵਿੰਗ ਨਾਲ ਜੁੜੇ ਆਗੂ ਜਤਿੰਦਰਜੀਤ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ‘ਆਪ’ ਦਾ ਪੱਲਾ ਫੜਿਆ।
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਵਿਅਕਤੀਆਂ ਵਿੱਚ ਦਵਿੰਦਰ ਸਿੰਘ, ਹਪਿੰਦਰ ਸਿੰਘ, ਮੁਨੀਸ਼ ਕੁਮਾਰ, ਚਰਨਜੀਤ ਸਿੰਘ ਡੀ.ਸੀ., ਨਾਮਧਾਰੀ ਸੁਰਿੰਦਰ ਸਿੰਘ ਛਿੰਦਾ, ਦਿਨੇਸ਼ ਕੁਮਾਰ ਦਮਨ ਅਤੇ ਨਰਿੰਦਰ ਪਾਲ ਸਿੰਘ ਦੇ ਨਾਮ ਸ਼ਾਮਲ ਹਨ।
ਇਸ ਮੌਕੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਪਾਰਟੀ ਆਗੂਆਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਤਜਰਬੇ ਅਤੇ ਸਹਿਯੋਗ ਨਾਲ ਜਲੰਧਰ ਉੱਤਰੀ ਵਿੱਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਸ਼ਮੂਲੀਅਤ ਨੂੰ ਇਲਾਕੇ ਵਿੱਚ ਪਾਰਟੀ ਦੇ ਸਿਆਸੀ ਆਧਾਰ ਦੇ ਵਿਸਥਾਰ ਵਜੋਂ ਵੀ ਦੇਖਿਆ ਜਾ ਰਿਹਾ ਹੈ।