
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਾਂਝੀ ਕਾਰਵਾਈ; ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਮੈਡੀਕਲ ਸਟੋਰ ਸੀਲ, ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ
ਰਾਜਪੁਰਾ/ਪਟਿਆਲਾ,
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰਾਜਪੁਰਾ ਵਿੱਚ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਰਤੋਂ ਅਤੇ ਸੰਭਾਵਿਤ ਸਪਲਾਈ ’ਤੇ ਰੋਕ ਲਗਾਉਣ ਲਈ ਸਿਹਤ ਅਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ। ਗਰੇਨ ਮਾਰਕੀਟ ਸਥਿਤ ਮੈਸਰਜ਼ ਸਪਨਾ ਮੈਡੀਕੋਜ਼ ਦੇ ਮਾਲਕ ਦੇ ਰਿਹਾਇਸ਼ੀ ਘਰ ਅਤੇ ਮੈਡੀਕਲ ਸਟੋਰ ਦੀ ਜਾਂਚ ਦੌਰਾਨ ਕੁੱਲ 10.63 ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਵੱਖ-ਵੱਖ ਦਵਾਈਆਂ ਜ਼ਬਤ ਕੀਤੀਆਂ ਗਈਆਂ। ਜਾਂਚ ਤੋਂ ਬਾਅਦ ਮੈਡੀਕਲ ਸਟੋਰ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਗਿਆ, ਜਦਕਿ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।
ਇਹ ਕਾਰਵਾਈ ਐਫਆਈਆਰ ਨੰਬਰ 332 ਦੀ ਜਾਂਚ ਦੇ ਸਿਲਸਿਲੇ ਵਿੱਚ ਡਰੱਗ ਕੰਟਰੋਲ ਅਫ਼ਸਰ ਪਟਿਆਲਾ-2 ਪਰਨੀਤ ਕੌਰ ਵੱਲੋਂ ਥਾਣਾ ਸਿਟੀ ਰਾਜਪੁਰਾ ਦੇ ਐਸਐਚਓ ਅਤੇ ਫੋਕਲ ਪੁਆਇੰਟ ਪੁਲਿਸ ਚੌਕੀ ਦੇ ਇੰਚਾਰਜ ਨਾਲ ਮਿਲ ਕੇ ਕੀਤੀ ਗਈ। ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨਵਜੋਤ ਕੌਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਟੀਮ ਨੇ ਪਹਿਲਾਂ ਮੈਡੀਕਲ ਸਟੋਰ ਮਾਲਕ ਦੇ ਰਿਹਾਇਸ਼ੀ ਘਰ ਦੀ ਤਲਾਸ਼ੀ ਲਈ।
ਘਰ ਵਿੱਚੋਂ ਟੈਪੈਂਟਾਡੋਲ, ਪ੍ਰੈਗਾਬਾਲਿਨ-75, ਓਲੈਂਜ਼ਾਪੀਨ ਅਤੇ ਐਮਟੀਪੀ ਕਿੱਟਾਂ ਸਮੇਤ ਸੱਤ ਕਿਸਮਾਂ ਦੀਆਂ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 2,39,966 ਰੁਪਏ ਦੱਸੀ ਗਈ ਹੈ। ਡਰੱਗ ਕੰਟਰੋਲ ਅਫ਼ਸਰ ਵੱਲੋਂ ਇਨ੍ਹਾਂ ਵਿੱਚੋਂ ਤਿੰਨ ਦਵਾਈਆਂ ਦੇ ਨਮੂਨੇ ਜਾਂਚ ਲਈ ਲਏ ਗਏ। ਇਸੇ ਕਾਰਵਾਈ ਦੌਰਾਨ ਪੁਲਿਸ ਨੇ ਵੀ ਨੌਂ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ, ਜਿਨ੍ਹਾਂ ਦੀ ਕੀਮਤ ਲਗਭਗ 7,99,250 ਰੁਪਏ ਅੰਕਿਤ ਕੀਤੀ ਗਈ ਹੈ।
ਅਧਿਕਾਰੀਆਂ ਅਨੁਸਾਰ ਸ਼ਾਮ ਸਮੇਂ ਮੈਡੀਕਲ ਸਟੋਰ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਪ੍ਰੈਗਾਬਾਲਿਨ-300, ਟੈਪੈਂਟਾਡੋਲ, ਕਲੋਨਾਜ਼ੇਪਾਮ ਅਤੇ ਐਲਪਰਾਜ਼ੋਲਮ ਸਮੇਤ ਪੰਜ ਕਿਸਮਾਂ ਦੀਆਂ ਦਵਾਈਆਂ ਅਤੇ ਹੋਰ ਵਸਤਾਂ ਮਿਲੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4,710 ਰੁਪਏ ਹੈ। ਇਹ ਦਵਾਈਆਂ ਡਰੱਗ ਕੰਟਰੋਲ ਅਫ਼ਸਰ ਵੱਲੋਂ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟ੍ਰਾਮਾਡੋਲ ਵਾਲੀਆਂ ਦੋ ਕਿਸਮਾਂ ਦੀਆਂ ਦਵਾਈਆਂ, ਜਿਨ੍ਹਾਂ ਦਾ ਮੁੱਲ 19,424 ਰੁਪਏ ਦੱਸਿਆ ਗਿਆ ਹੈ, ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਦੇ ਹਵਾਲੇ ਕੀਤੀਆਂ ਗਈਆਂ।
ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਨੇ ਦੱਸਿਆ ਕਿ ਦਵਾਈਆਂ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕਣ ਅਤੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਮੈਡੀਕਲ ਸਟੋਰ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ। ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਕਾਰਵਾਈ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਦਵਾਈਆਂ ਦੀ ਗੈਰ-ਕਾਨੂੰਨੀ ਵਰਤੋਂ ਅਤੇ ਉਨ੍ਹਾਂ ਦੀ ਸੰਭਾਵਿਤ ਸਪਲਾਈ ’ਤੇ ਨਕੇਲ ਕੱਸਣ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜ਼ਬਤ ਕੀਤੀਆਂ ਦਵਾਈਆਂ ਦੇ ਸਰੋਤ, ਉਨ੍ਹਾਂ ਦੀ ਸਪਲਾਈ ਅਤੇ ਵਰਤੋਂ ਸਬੰਧੀ ਪੱਖਾਂ ਦੀ ਪੜਤਾਲ ਕੀਤੀ ਜਾਵੇਗੀ।