jeevaypunjab.com

ਰਾਜਪਾਲ ਨੇ ਪੰਜਾਬ ਵਿੱਚ ਐਨਟੀਈਪੀ ਅਤੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਸੂਬੇ ਵਿੱਚ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ (ਐਨਟੀਈਪੀ) ਅਤੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ (ਪੀਐਮਟੀਬੀਐਮਬੀਏ) ਦੇ ਲਾਗੂਕਰਨ ਦਾ ਮੁਲਾਂਕਣ ਕਰਨ ਲਈ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਈ। ਮੀਟਿੰਗ ਵਿੱਚ ਮਾਨਯੋਗ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਐਨਐਚਐਮ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ਼੍ਰੀ ਘਣਸ਼ਿਆਮ ਥੋਰੀ, ਆਈ.ਏ.ਐਸ. ਅਤੇ ਪੰਜਾਬ ਦੇ ਰਾਜ ਟੀਬੀ ਅਧਿਕਾਰੀ ਡਾ. ਰਾਜੇਸ਼ ਭਾਸਕਰ ਸਮੇਤ ਸੀਨੀਅਰ ਸਿਹਤ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ, ਮਾਣਯੋਗ ਰਾਜਪਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਟੀਬੀ ਮਰੀਜ਼ ਜਿਨ੍ਹਾਂ ਨੇ ਗੋਦ ਲੈਣ ਲਈ ਆਪਣੀ ਸਹਿਮਤੀ ਦਿੱਤੀ ਹੈ, ਉਨ੍ਹਾਂ ਨੂੰ ਸਮੇਂ ਸਿਰ ਪੋਸ਼ਣ ਅਤੇ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਰਾਜ ਭਵਨ ਵਿਖੇ ਸਮਰਪਿਤ ਨਿਕਸ਼ੇ ਮਿੱਤਰਾਂ ਨੂੰ ਉਨ੍ਹਾਂ ਦੇ ਯੋਗਦਾਨ  ਅਤੇ ਪਹਿਲਕਦਮੀ ਵਿੱਚ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਨ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ। ਇਸ ਉਦੇਸ਼ ਪ੍ਰਤੀ ਆਪਣੀ ਨਿੱਜੀ ਵਚਨਬਧਤਾ ਦੀ ਪੁਸ਼ਟੀ ਕਰਦੇ ਹੋਏ, ਰਾਜਪਾਲ ਨੇ ਖੁਦ ਵੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਹੋਰ ਟੀਬੀ ਮਰੀਜ਼ਾਂ ਨੂੰ ਗੋਦ ਲੈਣ ਦੀ ਇੱਛਾ ਪ੍ਰਗਟਾਈ।

ਇਸ ਸਮੀਖਿਆ ਵਿੱਚ ਮੁੱਖ ਐਨਟੀਈਪੀ ਸੂਚਕਾਂ ,ਜਿਵੇਂ ਪ੍ਰੀਜ਼ੰਪਟਿਵ ਟੀਬੀ ਪ੍ਰੀਖਿਆ ਦਰ (ਪੀਟੀਈਆਰ), ਟੀਬੀ ਨੋਟੀਫਿਕੇਸ਼ਨ, ਇਲਾਜ ਸਫਲਤਾ ਦਰ, ਅਤੇ ਨਿਕਸ਼ੇ ਮਿੱਤਰਾ ਪਹਿਲਕਦਮੀ ਵਿੱਚ ਭਾਗੀਦਾਰੀ ਦੇ ਪੱਧਰ ’ਤੇ ਰਾਜ ਦੇ ਪ੍ਰਦਰਸ਼ਨ ਦਾ ਮੁਲਾਂਕਣ ਸ਼ਾਮਲ ਸੀ। ਰਾਜਪਾਲ ਨੇ ਪੰਜਾਬ ਭਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਟੀਬੀ ਮਰੀਜ਼ਾਂ ਨੂੰ ਗੋਦ ਲੈਣ ਵਿੱਚ ਤੇਜ਼ੀ ਲਿਆਉਣ ਅਤੇ ਨਿਕਸ਼ੇ ਮਿੱਤਰ ਪਹਿਲਕਦਮੀ ਨੂੰ ਲਾਗੂ ਕਰਨ ਦੀ ਸਰਗਰਮੀ ਨਾਲ ਨਿਗਰਾਨੀ ਕਰਨ ਦੀ ਜ਼ੋਰਦਾਰ ਅਪੀਲ ਵੀ ਕੀਤੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਰਾਜ ਵਿੱਚ ਲਗਭਗ 11,000 ਮਰੀਜ਼ ਹਾਲੇ ਵੀ ਸਹਾਇਤਾ ਦੀ ਉਡੀਕ ਕਰ ਰਹੇ ਹਨ ਅਤੇ ਇਸ ਪਾੜੇ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਸਿੱਟੇ ਵਜੋਂ, ਰਾਜਪਾਲ ਨੇ ਨਿਰਦੇਸ਼ ਦਿੱਤਾ ਕਿ ਐਨਟੀਈਪੀ ਅਤੇ ਟੀਬੀ ਮੁਕਤ ਭਾਰਤ ਅਭਿਆਨ ਦੋਵਾਂ ਦੀ ਪ੍ਰਗਤੀ ਦੀ ਨਿਯਮਤ ਤੌਰ ’ਤੇ ਸਮੀਖਿਆ ਕੀਤੀ ਜਾਵੇ ਤਾਂ ਜੋ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਨਤੀਜਾ-ਮੁਖੀ ਯਤਨਾਂ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਰਾਹੀਂ ਟੀਬੀ ਦੇ ਖਤਮੇ ਲਈ ਪੰਜਾਬ ਦੀ ਦ੍ਰਿੜਤਾ ਨੂੰ ਹੋਰ ਪਕੇਰਾ ਕੀਤਾ ਅਤੇ ਪ੍ਰਸ਼ਾਸਨ ਦੇ ਸਾਰੇ ਪੱਧਰਾਂ ’ਤੇ ਸਾਂਝੇ ਯਤਨਾਂ ਦੀ ਮੰਗ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਟੀਬੀ ਮਰੀਜ਼ ਇਲਾਜ ਵਿਹੂਣਾ ਨਾ ਰਹਿ ਜਾਵੇ।

ਮੀਟਿੰਗ ਵਿੱਚ ਮੌਜੂਦ ਸ੍ਰੀ ਵਿਵੇਕ ਪ੍ਰਤਾਪ ਸਿੰਘ, ਪ੍ਰਮੁੱਖ ਸਕੱਤਰ, ਮਾਨਯੋਗ ਰਾਜਪਾਲ, ਸ਼੍ਰੀ ਘਨਸ਼ਿਆਮ, ਥੋਰੀ ਐਮ.ਡੀ. ਐਨ.ਐਚ.ਐਮ. ਅਤੇ ਵਿਸ਼ੇਸ਼ ਸਕੱਤਰ, ਸਿਹਤ ਅਤੇ ਡਾ. ਰਾਜੇਸ਼ ਭਾਸਕਰ, ਸਟੇਟ ਟੀ.ਬੀ. ਅਫਸਰ ਪੰਜਾਬ ਮੌਜੂਦ ਸਨ।

Exit mobile version