jeevaypunjab.com

ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵੱਲੋਂ ਔਰਤਾਂ ਦੀਆਂ ਸ਼ਿਕਾਇਤਾਂ ਬਾਰੇ 7 ਜ਼ਿਲਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ


ਰਾਹੁਲ ਸੋਨੀ, ਅੰਮ੍ਰਿਤਸਰ
ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਵਿਜਯਾ‌ ਰਹਾਟਕਰ ਨੇ ਜਲੰਧਰ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਉਹ ਔਰਤਾਂ ਦੀਆਂ ਲੰਬਿਤ ਸ਼ਿਕਾਇਤਾਂ ਨਿਪਟਾਰਾ ਪਹਿਲ ਦੇ ਆਧਾਰ ਉੱਤੇ ਕਰਨ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਔਰਤਾਂ ਵਿਰੁੱਧ ਅੱਤਿਆਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਔਰਤਾਂ ਨੂੰ ਨਿਡਰ ਹੋ ਕੇ ਸ਼ਿਕਾਇਤਾਂ ਦਰਜ ਕਰਵਾਉਣੀਆਂ ਚਾਹੀਦੀਆਂ ਹਨ। ਰਾਸ਼ਟਰੀ ਮਹਿਲਾ ਕਮਿਸ਼ਨ ਹਰ ਔਰਤ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ।” ਉਨ੍ਹਾਂ ਨੇ ਔਰਤਾਂ ਦੀ ਭਲਾਈ ਨੂੰ ਤਰਜੀਹ ਦੇਣ, ਉਨ੍ਹਾਂ ਦੀਆਂ ਚੁਣੌਤੀਆਂ ਨੂੰ ਤੁਰੰਤ ਹੱਲ ਕਰਨ ਅਤੇ ਸਹਾਇਤਾ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ।


ਉਹਨਾਂ ਨੇ ਪੰਜਾਬ ਵਿੱਚ ਦਾਜ ਦੀ ਖਾਤਰ ਹੱਤਿਆ, ਬਲਾਤਕਾਰ ਦੇ ਮਾਮਲੇ, ਐਨਆਰਆਈ ਮੈਰਿਜ ਦੇ ਕੇਸਾਂ ਦੇ ਵਾਧੇ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਹਨਾਂ ਕੇਸਾਂ ਨੂੰ ਪਹਿਲ ਦੇ ਅਧਾਰ ਉੱਤੇ ਨਿਆਂ ਦਵਾਉਣ ਲਈ ਅੱਗੇ ਆਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਨੇ ਦੇਸ਼ ਭਰ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਲਈ ਚਿੰਤਾ ਜਾਹਿਰ ਕਰਦਿਆਂ ਕਮਿਸ਼ਨ ਵੱਲੋਂ ਪੁਲਿਸ ਨੂੰ ਇਸ ਬਾਰੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਉਣ ਲਈ ਅਗਵਾਈ ਦੇਣ ਬਾਰੇ ਵੀ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਅਤੇ ਕਮਿਸ਼ਨ ਮਿਲ ਕੇ ਕੰਮ ਕਰਨ ਨਾ ਕਿ ਇੱਕ ਦੂਸਰੇ ਦੀਆਂ ਕਮੀਆਂ ਕੱਢਣ, ਤਾਂ ਹੀ ਸਾਡੀ ਡਿਊਟੀ ਪੂਰੀ ਹੁੰਦੀ ਹੈ। ਉਹਨਾਂ ਦੱਸਿਆ ਕਿ ਮਹਿਲਾ ਕਮਿਸ਼ਨ ਆਪਣੀ ਇੱਕ ਹੈਲਪ ਲਾਈਨ ਔਰਤਾਂ ਦੀ ਕੌਂਸਲਿੰਗ ਲਈ ਵੀ ਚਲਾਉਂਦਾ ਹੈ ਜਿਸ ਉੱਤੇ ਕੋਈ ਵੀ ਔਰਤ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੇ ਸੰਕਟ ਵਿੱਚ ਮਦਦ ਲੈ ਸਕਦੀ ਹੈ।
ਉਹਨਾਂ ਨੇ ਪੁਲਿਸ ਨੂੰ ਔਰਤਾਂ ਵਿਰੁੱਧ ਬਣੇ ਨਵੇਂ ਕਾਨੂੰਨਾਂ , ਸਾਈਬਰ ਕ੍ਰਾਈਮ ਅਤੇ ਹੋਰ ਕੇਸਾਂ ਵਿੱਚ ਟ੍ਰੇਨਿੰਗ ਦੇਣ ਲਈ ਆਪਣੇ ਟਰੇਨਰ ਭੇਜਣ ਦੀ ਪੇਸ਼ਕਸ਼ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀਸੀਪੀ ਜਗਜੀਤ ਸਿੰਘ ਵਾਲੀਆ, ਜ਼ਿਲ੍ਹਾ ਪੁਲਿਸ ਮੁਖੀ ਕਪੂਰਥਲਾ ਗੌਰਵ ਤੂਰਾ, ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਜਿਲਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ, ਐਸਪੀ ਜੁਗਰਾਜ ਸਿੰਘ, ਐਸਪੀ ਗੁਰ ਪ੍ਰਤਾਪ ਸਿੰਘ ਸਹੋਤਾ, ਐਸਪੀ ਅਦਿਤਿਆ ਵਾਰੀਅਰ,  ਅਤੇ ਹੋਰ ਜਿਲ੍ਹਿਆਂ ਦੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਕਮਿਸ਼ਨ ਦੇ ਅਧਿਕਾਰੀਆਂ ਨੇ ਵੱਖ-ਵੱਖ ਪਿਛੋਕੜ ਵਾਲੀਆਂ ਔਰਤਾਂ ਦੀਆਂ ਸ਼ਿਕਾਇਤਾਂ ਸੁਣੀਆਂ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਕਮਿਸ਼ਨਰੇਟ ਪੁਲਿਸ, ਦਿਹਾਤੀ ਪੁਲਿਸ ਅਤੇ ਹੋਰ ਜ਼ਿਲਿਆਂ ਦੇ ਪੁਲਿਸ ਅਧਿਕਾਰੀ  ਸ਼ਾਮਲ ਹੋਏ।
ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਨੇ ਘਰੇਲੂ ਹਿੰਸਾ, ਦਾਜ ਅਤੇ ਹੋਰ ਪਰੇਸ਼ਾਨੀ ਦੇ ਮੁੱਦਿਆਂ ਨਾਲ ਸਬੰਧਤ ਸ਼ਿਕਾਇਤਾਂ ਸਾਂਝੀਆਂ ਕੀਤੀਆਂ। ਪ੍ਰਾਪਤ ਹੋਈਆਂ 40 ਸ਼ਿਕਾਇਤਾਂ ਵਿੱਚੋਂ, ਜ਼ਿਆਦਾਤਰ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ, ਬਾਕੀ ਮਾਮਲਿਆਂ ਲਈ ਸਖ਼ਤ ਆਦੇਸ਼ ਜਾਰੀ ਕੀਤੇ ਗਏ। ਕਮਿਸ਼ਨ ਨੇ ਇੰਨਾ ਸ਼ਿਕਾਇਤਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਹਰੇਕ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਹਦਾਇਤ ਕੀਤੀ।
==-

Exit mobile version