ਆਦਰਸ਼ ਸਕੂਲਾਂ ਦੇ 1100 ਅਧਿਆਪਕਾਂ ਲਈ ਵੱਡੀ ਖੁਸ਼ਖਬਰੀ, ਤਨਖਾਹਾਂ ਵਿੱਚ 120 ਫੀਸਦੀ ਤੋਂ ਵੱਧ ਵਾਧਾ

ਪੰਜਾਬ ਸਰਕਾਰ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਕਰੀਬ 1100 ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 120 ਫੀਸਦੀ ਤੋਂ ਵੱਧ ਦਾ ਇਤਿਹਾਸਕ ਵਾਧਾ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪਿਛਲੇ ਲੰਮੇ ਸਮੇਂ ਤੋਂ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ।

ਨਵੇਂ ਫੈਸਲੇ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੇਂਦਰੀ ਵਿਦਿਆਲਿਆਂ (KV) ਦੀ ਤਰਜ਼ ’ਤੇ ਬਿਹਤਰ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਧਿਆਪਕ ਸੂਬੇ ਦੇ ਸਿੱਖਿਆ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ। ਅਧਿਆਪਕਾਂ ਨੂੰ ਸਨਮਾਨਜਨਕ ਤਨਖਾਹ, ਬਿਹਤਰ ਸਹੂਲਤਾਂ ਅਤੇ ਸੁਰੱਖਿਅਤ ਕਾਰਜਕਾਰੀ ਮਾਹੌਲ ਮਿਲਣਾ ਸਿੱਖਿਆ ਦੀ ਗੁਣਵੱਤਾ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ।

ਸਰਕਾਰ ਨੇ ਕਿਹਾ ਕਿ ਜਦੋਂ ਅਧਿਆਪਕ ਖੁਦ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰਨਗੇ, ਤਾਂ ਉਹ ਵਿਦਿਆਰਥੀਆਂ ਦੀ ਸਿੱਖਿਆ ਅਤੇ ਭਵਿੱਖ ਨੂੰ ਹੋਰ ਬਿਹਤਰ ਢੰਗ ਨਾਲ ਸੰਵਾਰ ਸਕਣਗੇ। ਇਸ ਲਈ ਅਧਿਆਪਕਾਂ ਦੇ ਹੱਕਾਂ ਅਤੇ ਭਲਾਈ ਨੂੰ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਫੈਸਲੇ ਨੂੰ ਆਦਰਸ਼ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਦੁਹਰਾਇਆ ਹੈ ਕਿ ਸੂਬੇ ਦੇ ਹਰ ਵਰਗ ਦੀ ਭਲਾਈ, ਹੱਕਾਂ ਦੀ ਰਾਖੀ ਅਤੇ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਆਪਣੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।