ਪਾਕਿਸਤਾਨ ਪ੍ਰੇਰਿਤ ਅੱਤਵਾਦ ਨੂੰ ਜੜ੍ਹ ਤੋਂ ਉਖਾੜ ਕੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ
ਅੰਮ੍ਰਿਤਸਰ
ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦਿੱਲੀ ਕਾਰ ਬੰਬ ਧਮਾਕੇ ਅਤੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਪਦਾਰਥ ਬਰਾਮਦ ਹੋਣ ਦੇ ਮੱਦੇਨਜ਼ਰ ਕੇਂਦਰ ਅਤੇ ਸੰਬੰਧਿਤ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਅਗਵਾਈ ਹੇਠ ਚੱਲ ਰਹੀ “ਸਨਾਤਨ ਏਕਤਾ ਪਦਯਾਤਰਾ” ਨੂੰ ਮਜ਼ਬੂਤ ਸੁਰੱਖਿਆ ਕਵਚ ਪ੍ਰਦਾਨ ਕੀਤਾ ਜਾਵੇ।
ਪ੍ਰੋ. ਖਿਆਲਾ ਨੇ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਭਿਆਨਕ ਕਾਰ ਬੰਬ ਧਮਾਕੇ, ਜਿਸ ਵਿੱਚ ਕਈ ਨਿਰਦੋਸ਼ ਨਾਗਰਿਕ ਮਾਰੇ ਗਏ, ਦੀ ਤੀਖ਼ੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਪ੍ਰੇਰਿਤ ਕਾਇਰਾਨਾ ਹਮਲਾ ਹੈ, ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਅਤੇ ਏਕਤਾ ‘ਤੇ ਸੀਧਾ ਪ੍ਰਹਾਰ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਅੱਤਵਾਦੀ ਘਟਨਾ ਨਹੀਂ, ਸਗੋਂ ਭਾਰਤ ਦੀ ਵਧ ਰਹੀ ਸਨਾਤਨੀ ਤੇ ਰਾਸ਼ਟਰੀ ਚੇਤਨਾ ਨੂੰ ਖੰਡਿਤ ਕਰਨ ਦੀ ਯੋਜਨਾ ਹੈ, ਜਿਸਦੇ ਤਾਰ ਪਾਕਿਸਤਾਨ ਦੇ ਅੱਤਵਾਦੀ ਢਾਂਚਿਆਂ ਅਤੇ ਉਨ੍ਹਾਂ ਦੇ ਭਾਰਤ ਵਿਰੋਧੀ ਸਾਥੀਆਂ ਨਾਲ ਜੁੜੇ ਹੋ ਸਕਦੇ ਹਨ। ਕੁਝ ਵਿਦੇਸ਼ੀ ਅਤੇ ਅੰਦਰੂਨੀ ਤੱਤ ਭਾਰਤ ਦੀ ਧਾਰਮਿਕ ਏਕਤਾ ਅਤੇ ਰਾਸ਼ਟਰੀ ਅਖੰਡਤਾ ਨੂੰ ਖੰਡਿਤ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਜਿਨ੍ਹਾਂ ਦੀ ਜੜ੍ਹ ਤੱਕ ਪਹੁੰਚਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ 16 ਨਵੰਬਰ ਤੱਕ ਚੱਲਣ ਵਾਲੀ ਪਦਯਾਤਰਾ ਵਿੱਚ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕਾਂ ਦੀ ਸ਼ਾਮਿਲੀ ਨੇ ਇਸ ਯਾਤਰਾ ਨੂੰ ਸਿਰਫ਼ ਇੱਕ ਧਾਰਮਿਕ ਯਾਤਰਾ ਨਹੀਂ ਰਹਿਣ ਦਿੱਤਾ, ਸਗੋਂ ਇਹ ਰਾਸ਼ਟਰੀ ਜਾਗਰੂਕਤਾ, ਭਾਰਤ ਦੀ ਏਕਤਾ, ਭਾਈਚਾਰੇ ਅਤੇ ਆਧਿਆਤਮਿਕ ਚੇਤਨਾ ਦਾ ਪ੍ਰਤੀਕ ਬਣ ਗਈ ਹੈ। ਇਹੀ ਕਾਰਨ ਹੈ ਕਿ ਸਨਾਤਨ ਵਿਰੋਧੀ ਅਤੇ ਭਾਰਤ ਵਿਰੋਧੀ ਤੱਤ ਇਸ ਏਕਤਾ ਤੋਂ ਡਰੇ ਹੋਏ ਅਤੇ ਬੁਖਲਾਏ ਹੋਏ ਹਨ। ਜੇਕਰ ਸੁਰੱਖਿਆ ਏਜੰਸੀਆਂ ਵੱਲੋਂ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਅੱਤਵਾਦੀ ਤੱਤ ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਜਿਸ ਦਿਨ ਫਰੀਦਾਬਾਦ ਤੋਂ 2,900 ਕਿਲੋ ਵਿਸਫੋਟਕ ਪਦਾਰਥ ਬਰਾਮਦ ਹੋਏ, ਉਸੇ ਦਿਨ ਪੰਡਿਤ ਧੀਰੇਂਦਰ ਸ਼ਾਸਤਰੀ ਜੀ ਦੀ ਪਦਯਾਤਰਾ ਵੀ ਉਸੇ ਖੇਤਰ ਵਿੱਚੋਂ ਲੰਘ ਰਹੀ ਸੀ। ਇਹ ਸਿਰਫ਼ ਇਕ ਸੰਯੋਗ ਨਹੀਂ, ਸਗੋਂ ਇਹ ਸਪੱਸ਼ਟ ਸੰਕੇਤ ਹੈ ਕਿ ਅੱਤਵਾਦੀ ਤੱਤ ਉਹਨਾਂ ਧਾਰਮਿਕ ਤੇ ਰਾਸ਼ਟਰੀ ਆੰਦੋਲਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਭਾਰਤ ਨੂੰ ਸਨਾਤਨ ਏਕਤਾ ਅਤੇ ਰਾਸ਼ਟਰੀ ਸ਼ਕਤੀ ਦੇ ਮੰਚ ‘ਤੇ ਇਕਜੁੱਟ ਕਰ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਤੁਰੰਤ ਕੇਂਦਰੀ ਜਾਂਚ ਏਜੰਸੀਆਂ ਰਾਹੀਂ ਪੂਰੀ ਜਾਂਚ ਸ਼ੁਰੂ ਕਰੇ ਅਤੇ ਪਦਯਾਤਰਾ ਨੂੰ ਮਜ਼ਬੂਤ ਸੁਰੱਖਿਆ ਕਵਚ ਪ੍ਰਦਾਨ ਕਰੇ।
ਉਨ੍ਹਾਂ ਕਿਹਾ ਕਿ ਦਿੱਲੀ ਧਮਾਕਾ ਅਤੇ ਫਰੀਦਾਬਾਦ ਵਿਸਫੋਟਕ ਬਰਾਮਦਗੀ ਕਿਸੇ ਵੱਡੇ ਅੰਤਰਰਾਜੀ ਤੇ ਸਰਹੱਦੀ ਮਾਸਟਰਮਾਈਂਡ ਸਾਜ਼ਿਸ਼ ਵੱਲ ਸਾਫ਼ ਸੰਕੇਤ ਕਰ ਰਹੇ ਹਨ। ਪਾਕਿਸਤਾਨ ਕਈ ਸਾਲਾਂ ਤੋਂ ਅੱਤਵਾਦ ਦੀ ਪੋਸ਼ਣਾ ਕਰਕੇ ਭਾਰਤ ਨੂੰ ਅਸਥਿਰ ਕਰਨ ਦੀ ਨੀਤੀ ‘ਤੇ ਚੱਲ ਰਿਹਾ ਹੈ ਅਤੇ ਹੁਣ ਇਹ ਦਿੱਲੀ ਦੇ ਦਿਲ ਤੱਕ ਆਪਣੀ ਨਾਪਾਕ ਗਤੀਵਿਧੀਆਂ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪ੍ਰੋ. ਖਿਆਲਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਦਿੱਤੇ ਗਏ ਤੁਰੰਤ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਪ੍ਰੇਰਿਤ ਅੱਤਵਾਦ ਨੂੰ ਜੜ੍ਹ ਤੋਂ ਉਖਾੜ ਕੇ ਰਾਸ਼ਟਰੀ ਸੁਰੱਖਿਆ ਨੂੰ ਅਟੁੱਟ ਕੀਤਾ ਜਾਵੇ।
ਅੰਤ ਵਿੱਚ ਉਨ੍ਹਾਂ ਕਿਹਾ —
> “ਅੱਤਵਾਦ ਦੇ ਹੌਸਲੇ ਕਦੇ ਉੱਚੇ ਨਹੀਂ ਰਹਿਣਗੇ ਜਦੋਂ ਤੱਕ ਹਰ ਭਾਰਤੀ ਆਪਣੇ ਅੰਦਰਲੇ ਸਨਾਤਨੀ ਸ਼ੂਰਵੀਰ ਨੂੰ ਜਗਾ ਰਿਹਾ ਹੈ। ਦਿੱਲੀ ਦੇ ਮਾਸੂਮਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।”
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਰਾਸ਼ਟਰਵਾਦੀ ਅੰਦੋਲਨਾਂ ਅਤੇ ਧਾਰਮਿਕ ਏਕਤਾ ਯਾਤਰਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇ, ਤਾਂ ਜੋ ਕੋਈ ਵੀ ਅੱਤਵਾਦੀ ਤੱਤ ਉਨ੍ਹਾਂ ਦੇ ਮਾਰਗ ਵਿੱਚ ਰੁਕਾਵਟ ਨਾ ਪਾ ਸਕੇ।





