ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਸ਼ਹੀਦ ਦੀ ਮਹਾਨ ਵਿਰਾਸਤ ਨੂੰ ਸਦੀਵੀ ਤੌਰ ‘ਤੇ ਕਾਇਮ ਰੱਖੇਗਾ-ਮੁੱਖ ਮੰਤਰੀ

0
10

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਦੇਸ਼ ਸੇਵਾ ਲਈ ਪਾਏ ਲਾਮਿਸਾਲ ਯੋਗਦਾਨ ਪ੍ਰਤੀ ਸਤਿਕਾਰ ਭੇਟ ਕਰਦਿਆਂ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ। ਇਸ ਮਾਣਮੱਤੇ ਪ੍ਰਾਜੈਕਟ ’ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਜੋ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਲਈ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ।
ਸ਼ਹੀਦ-ਏ-ਆਜ਼ਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੇ ਗੁਲਾਮੀ ਦੀ ਦਲਦਲ ਵਿੱਚ ਫਸੇ ਮੁਲਕ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਆਜ਼ਾਦ ਕਰਵਾਇਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਉਪਰਾਲੇ ਦਾ ਉਦੇਸ਼ ਆਪਣੇ ਮਹਾਨ ਸਪੂਤ ਦੀ ਲਾਸਾਨੀ ਵਿਰਾਸਤ ਦੀ ਸੰਭਾਲ ਅਤੇ ਪਾਸਾਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ ਇਕ ਇਮਾਰਤੀ ਢਾਂਚਾ ਨਹੀਂ ਹੋਵੇਗਾ ਸਗੋਂ ਨਾ-ਭੁੱਲਣਯੋਗ ਅਹਿਸਾਸ ਹੋਵੇਗਾ ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਖਾਤਰ ਮਰ ਮਿਟ ਜਾਣ ਵਾਲੀ ਭਾਵਨਾ, ਬੌਧਿਕ ਸੋਚ ਅਤੇ ਸਾਹਸੀ ਜਜ਼ਬੇ ਦੀ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਬਣਨ ਵਾਲੇ ਵਿਰਸਾਤੀ ਕੰਪਲੈਕਸ ਵਿੱਚ ਵਿਸ਼ਾਲ ਥੀਮੈਟਿਕ ਗੇਟ ਹੋਵੇਗਾ ਜੋ ਮਹਾਨ ਵਿਰਾਸਤ ਦੀ ਝਲਕ ਪੇਸ਼ ਕਰੇਗਾ। ਉਨ੍ਹਾਂ ਦੱਸਿਆ ਕਿ 350 ਮੀਟਰ ਲੰਮਾ ਵਿਰਾਸਤੀ ਲਾਂਘਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹੋਵੇਗਾ। ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ। ਇਹ ਲਾਂਘਾ ਸ਼ਹੀਦ ਭਗਤ ਸਿੰਘ ਦਾ ਜੀਵਨ ਸਫਰ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਕਹਾਣੀ ਬੁੱਤਾਂ, 2ਡੀ/3ਡੀ ਕੰਧ ਚਿੱਤਰਾਂ, ਪੁਤਲਿਆਂ ਰਾਹੀਂ ਬਸਤੀਵਾਦੀ ਭਾਰਤ ਦੇ ਦੌਰ ਨੂੰ ਦਰਸਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 30 ਮੀਟਰ ਉੱਚਾ ਭਾਰਤੀ ਝੰਡਾ ਸਾਨੂੰ ਮੁਲਕ ਦੀ ਆਜ਼ਾਦੀ ਲਈ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ। ਉਨ੍ਹਾਂ ਦੱਸਿਆ ਕਿ 700 ਸੀਟਾਂ ਦੀ ਸਮਰੱਥਾ ਵਾਲਾ ਆਡੀਟੋਰੀਅਮ ਪੂਰੀ ਤਰ੍ਹਾਂ ਵਾਤਾਨਕੂਲ (ਏ.ਸੀ.) ਹੋਵੇਗਾ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਅਤੇ ਸੈਮੀਨਾਰਾਂ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਲਾਇਲਪੁਰ (ਹੁਣ ਪਾਕਿਸਤਾਨ ਵਿੱਚ) ਸਥਿਤ ਜੱਦੀ ਘਰ ਦਾ ਮਾਡਲ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਵੱਖ-ਵੱਖ ਦ੍ਰਿਸ਼ਾਂ ਅਤੇ ਮਾਧਿਅਮਾਂ ਰਾਹੀਂ ਦਰਸਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਜੱਦੀ ਘਰ ਦੀ ਬਹਾਲੀ ਤੇ ਸੰਭਾਲ ਕੀਤੀ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ ਦੇ ਅਦਾਲਤੀ ਮੁਕੱਦਮੇ ਦਾ ਦ੍ਰਿਸ਼ ਵੀ ਸਿਰਜਿਆ ਜਾਵੇਗਾ ਜੋ ਸੈਲਾਨੀਆਂ ਨੂੰ ਅਤੀਤ ਵਿੱਚ ਲੈ ਜਾਵੇਗਾ ਅਤੇ ਸ਼ਹੀਦ ਦੇ ਇਨਕਲਾਬੀ ਜੋਸ਼ ਦਾ ਪ੍ਰਗਟਾਵਾ ਕਰੇਗਾ। ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਮੌਜੂਦਾ ਲਾਇਬ੍ਰੇਰੀ ਦਾ ਆਧੁਨਿਕਕਰਨ ਕੀਤਾ ਜਾਵੇਗਾ ਜਿਸ ਤਹਿਤ ਇਸ ਨੂੰ ਡਿਜੀਟਲ ਢੰਗ ਨਾਲ ਨਵਾਂ ਰੂਪ ਮਿਲੇਗਾ ਜੋ ਪਾਠਕਾਂ ਨੂੰ ਵਿਲੱਖਣ ਤਜਰਬਾ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟੂਰਿਸਟਾਂ ਲਈ ਸੁਵਿਧਾ ਕੇਂਦਰ, ਸੈਲਾਨੀਆਂ ਲਈ ਠਹਿਰ, ਬਾਗ-ਬਗੀਚੇ, ਸੰਗੀਤਕ ਫੁਹਾਰਾ ਅਤੇ ਪਾਰਕਿੰਗ ਲਈ ਢੁਕਵੀਂ ਥਾਂ ਹੋਵੇਗੀ।

LEAVE A REPLY

Please enter your comment!
Please enter your name here