- October 18, 2024
ਪੰਜਾਬ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਖੋਲਿਆ ਜਾਵੇ -ਸਿਹਤ ਮੰਤਰੀ
ਪੰਜਾਬ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਖੋਲਿਆ ਜਾਵੇ -ਸਿਹਤ ਮੰਤਰੀ
ਸਿਹਤ ਮੰਤਰੀ ਪੰਜਾਬ ਨੇ ਕੀਤਾ ਅੰਮ੍ਰਿਤਸਰ ਵਿੱਚ ਆਯੁਰਵੇਦ ਮੇਲੇ ਦਾ ਉਦਘਾਟਨ
ਅੰਮ੍ਰਿਤਸਰ, 18 ਅਕਤੂਬਰ ( Rahul Soni )
ਆਯੂਸ਼ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਅਖਿਲ ਭਾਰਤੀ ਆਯੁਰਵੈਦ ਮਹਾਂ ਸੰਮੇਲਨ ਦਾ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪੀ ਜੀ ਆਈ ਦੇ ਪੱਧਰ ਉੱਤੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦਿਕ ਸਾਇੰਸ ਖੋਲਿਆ ਜਾਵੇ। ਉਹਨਾਂ ਕਿਹਾ ਕਿ ਆਯੁਰਵੈਦ ਸਾਡੀ ਲੱਖਾਂ ਸਾਲ ਪੁਰਾਣੀ ਇਲਾਜ ਪ੍ਰਣਾਲੀ ਹੈ ਅਤੇ ਇਸ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਸਾਡੀ ਸਰਕਾਰ ਦਾ ਮੁੱਖ ਨਿਸ਼ਾਨਾ ਸਿਹਤ ਤੇ ਸਿੱਖਿਆ ਉੱਤੇ ਕੇਂਦਰਿਤ ਹੈ ਅਤੇ ਇਸ ਕੰਮ ਲਈ ਅਸੀਂ ਕੇਂਦਰ ਸਰਕਾਰ ਨੂੰ ਹਰ ਧਰਮ ਦਾ ਸਹਿਯੋਗ ਕਰਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਵੀ ਆਯੁਰਵੈਦ ਨੂੰ ਉਨਤ ਕਰਨ ਲਈ 17 ਕਾਲਜ ਅਤੇ ਯੂਨੀਵਰਸਿਟੀ ਚੱਲ ਰਹੀ ਹੈ। ਇਸ ਤੋਂ ਇਲਾਵਾ ਮਨੁੱਖੀ ਸਿਹਤ ਨੂੰ ਕਾਇਮ ਰੱਖਣ ਲਈ ਸਾਡੇ ਵੱਲੋਂ ਵਿਸ਼ੇਸ਼ ਪਹਿਲ ਕਦਮੀ ਕਰਦੇ ਹੋਏ ਸੀ ਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਰੋਜਾਨਾ ਡੇਢ ਲੱਖ ਦੇ ਕਰੀਬ ਪੰਜਾਬੀ ਵੱਖ-ਵੱਖ ਥਾਵਾਂ ਉੱਤੇ ਯੋਗ ਕਲਾਸਾਂ ਵਿੱਚ ਭਾਗ ਲੈ ਰਹੇ ਹਨ ।
ਉਹਨਾਂ ਇਸ ਸੰਮੇਲਨ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਇਸ ਖੇਤਰ ਵਿੱਚ ਆਯੁਰਵੇਦ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ । ਉਹਨਾਂ ਇਸ ਪੈਥੀ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਿਸ ਪ੍ਰਣਾਲੀ ਦੀ ਪੜ੍ਹਾਈ ਕਰ ਰਹੇ ਹਨ ਉਸੇ ਪੈਥੀ ਦੇ ਵਿੱਚ ਹੀ ਆਪਣੀ ਪ੍ਰੈਕਟਿਸ ਜਾਰੀ ਰੱਖਣ ਤਾਂ ਹੀ ਉਹਨਾਂ ਦੀ ਪੜ੍ਹਾਈ ਦਾ ਸਹੀ ਫਾਇਦਾ ਸਾਡੇ ਨਾਗਰਿਕ ਨੂੰ ਹੋਵੇਗਾ।
ਸਿਹਤ ਮੰਤਰੀ ਨੇ ਇਸ ਮੌਕੇ ਆਈਆਂ ਹੋਈਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ । ਉਹਨਾਂ ਰਾਜ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਰੋਈ ਸਿਹਤ ਲਈ ਕਿਸਾਨ ਦੁਆਰਾ ਪੈਦਾ ਕੀਤਾ ਹੋਏ ਅਨਾਜ ਅਤੇ ਘਰ ਦੀ ਬਣਾਈ ਹੋਈ ਰੋਟੀ ਅਤੇ ਹੋਰ ਪਕਵਾਨ ਖਾਣ ਦੀ ਆਦਤ ਪਾਉਣ ਤਾਂ ਹੀ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ।
ਇਸ ਮੌਕੇ ਵਿਧਾਇਕ ਡਾਕਟਰ ਅਜੇ ਗੁਪਤਾ, ਵਿਧਾਇਕ ਸਰਦਾਰ ਇੰਦਰਬੀਰ ਸਿੰਘ ਨਿਜ਼ਰ, ਵਿਧਾਇਕ ਸ਼੍ਰੀ ਜਸਬੀਰ ਸਿੰਘ ਸੰਧੂ, ਚੇਅਰਮੈਨ ਸ਼੍ਰੀ ਅਸ਼ੋਕ ਤਲਵਾਰ, ਸੰਸਥਾ ਦੇ ਪ੍ਰਧਾਨ ਵੈਦ ਦਵਿੰਦਰ ਤ੍ਰਿਗੁਣਾ, ਵੈਦ ਰਕੇਸ਼ ਸ਼ਰਮਾ, ਵੈਦ ਕੋਸਤਵ ਉਪਾਧਿਆਏ , ਵੈਦ ਕਰਤਾਰ ਸਿੰਘ ਧਿਮਾਨ, ਵੈਦ ਆਸ਼ੂਤੋਸ਼ ਗੁਪਤਾ, ਵੈਦ ਡੀਕੇ ਸ਼ਾਹ, ਵੈਦ ਐਸ ਐਨ ਪਾਂਡੇ, ਵੈਦ ਤਨੰਜੈ ਸ਼ਰਮਾ, ਵੈਦ ਅਰੁਣ ਕੁਮਾਰ, ਵੈਦ ਤਾਰਾ ਚੰਦ ਸ਼ਰਮਾ, ਵੈਦ ਬੀਐਲ ਮਹਿਰਾ, ਵੈਦ ਸੁਰੇਸ਼ ਗੁਪਤਾ, ਵੈਦ ਸੁਭਾਸ਼ ਵਰਮਾ, ਵੈਦ ਪਵਨ ਵਸ਼ਿਸ਼ਟ ਸਮੇਤ ਦੇਸ਼ ਭਰ ਤੋਂ ਆਯੂਰਵੈਦਿਕ ਇਲਾਜ ਪ੍ਰਣਾਲੀ ਨਾਲ ਸੰਬੰਧਿਤ ਹਸਤੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।