- November 28, 2024
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਲੜਕੀਆਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਬਣਾਇਆ ਜਾਵੇਗਾ ਹੁਨਰਮੰਦ-ਡਿਪਟੀ ਕਮਿਸ਼ਨਰ
ਜਿਲ੍ਹਾ ਪ੍ਰਸਾਸ਼ਨ ਦਾ ਨਿਵੇਕਲਾ ਪਾਇਲਟ ਪ੍ਰਾਜੈਕਟ
ਅੰਮ੍ਰਿਤਸਰ, 28 ਨਵੰਬਰ:
ਅੱਜ ਦੇ ਯੁੱਗ ਵਿੱਚ ਲੜਕੀਆਂ ਦਾ ਹੁਨਰਮੰਦ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸ ਕੰਮ ਲਈ ਜਿਲ੍ਹਾ ਪ੍ਰਸਾਸ਼ਨ ਇਕ ਨਿਵੇਕਲੀ ਪਹਿਲਦਕਮੀ ਕਰਦੇ ਹੋਏ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਲੜਕੀਆਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਫੁੱਲਾਂ ਦੀ ਕਾਸ਼ਤ ਕਰਨ ਸਬੰਧੀ ਟ੍ਰੇਨਿੰਗ ਪ੍ਰਦਾਨ ਕਰਕੇ ਹੁਨਰਮੰਦ ਬਣਾਏਗਾ।
ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਬਲਾਕ ਹਰਸ਼ਾਛੀਨਾ, ਚੋਗਾਵਾਂ, ਵੇਰਕਾ ਅਤੇ ਲੋਪੋਕੇ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਦੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਤੁਹਾਨੂੰ ਫੁੱਲਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕਰਵਾਏਗਾ, ਇਹ ਟ੍ਰੇਨਿੰਗ ਬਾਗਬਾਨੀ ਵਿਭਾਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਉਪਰੰਤ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਇਸ ਟ੍ਰੇਨਿੰਗ ਨੂੰ ਲੈ ਕੇ ਹੁਨਰਮੰਦ ਦੀ ਸ੍ਰੇਣੀ ਵਿੱਚ ਆ ਜਾਓਗੇ ਜਿਸ ਨਾਲ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗਾਰਡਨ ਵਿੱਚ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਦੀਆਂ ਲੜਕੀਆਂ ਨੂੰ ਟ੍ਰੇਨਿੰਗ ਉਪਰੰਤ ਨਗਰ ਨਿਗਮ ਦੇ ਪਾਰਕਾਂ ਜਾਂ ਹੋਰ ਸਰਕਾਰੀ ਥਾਂਵਾਂ ਤੇ ਮਾਲੀ ਵਜੋਂ ਡੀ:ਸੀ ਰੇਟ ਤੇ ਰੱਖਿਆ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਲੜਕੀਆਂ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਹੁਨਰ ਹੋਵੇਗਾ ਤਾਂ ਹੀ ਤੁਸੀ ਹੋਰ ਅੱਗੇ ਵੱਧ ਸਕਦੀਆਂ ਹੋ। ਉਨ੍ਹਾਂ ਕਿਹਾ ਕਿ ਜਿੰਨਾਂ ਲੜਕੀਆਂ ਨੇ +2 ਪਾਸ ਕੀਤੀ ਹੈ ਜਿਲ੍ਹਾ ਪ੍ਰਸਾਸ਼ਨ ਉਨ੍ਹਾਂ ਨੂੰ ਮੁਫ਼ਤ ਕੰਪਿਊਟਰ ਦੀ ਸਿਖਲਾਈ ਵੀ ਪ੍ਰਦਾਨ ਕਰੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਅਸੀਂ ਸ਼ੁਰੂ ਕਰ ਰਹੇ ਹਾਂ ਜੇਕਰ ਇਸ ਵਿੱਚ ਤੁਹਾਡਾ ਵਧੀਆ ਸਹਿਯੋਗ ਮਿਲਦਾ ਹੈ ਤਾਂ ਇਸ ਨੂੰ ਵੱਡੇ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ।
ਇਸ ਦੋਰਾਨ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲੋਹਤਰਾ ਨੇ ਕਿਹਾ ਕਿ ਇਹ ਟ੍ਰੇਨਿੰਗ ਤੁਹਾਡੇ ਆਉਣ ਵਾਲੇ ਜੀਵਨ ਵਿੱਚ ਕਾਫੀ ਬਦਲਾਵ ਵਜੋਂ ਸਾਬਤ ਹੋਵੇਗੀ।ਉਨ੍ਹਾਂ ਦੱਸਿਆ ਕਿ ਤੁਸੀਂ ਇਸ ਟ੍ਰੇਨਿੰਗ ਨੂੰ ਲੈਣ ਉਪਰੰਤ ਫੁੱਲਾਂ ਦੀ ਕਾਸ਼ਤ ਦਾ ਕੰਮ ਕਰ ਸਕਦੀਆਂ ਹੋ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੀਜ ਤੁਹਾਨੂੰ ਬਾਗਬਾਨੀ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨੂੰ ਲੈਣ ਉਪਰੰਤ ਤੁਸੀਂ ਖੁਦ ਪੌਦਿਆਂ ਲਈ ਖਾਦ ਤਿਆਰ ਕਰਕੇ ਵੀ ਮਾਰਕੀਟ ਵਿੱਚ ਵੇਚ ਸਕਦੇ ਹੋ।